ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾਉਣ ਦਾ ਮਾਮਲਾ ਭਖਿਆ, ਮਾਮਲਾ ਦਰਜ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਵਿਅਕਤੀ ਵੱਲੋਂ 1984 ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਨੇ ਅਲੋਚਨਾ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਉਕਤ ਵਿਅਕਤੀ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਹੇਠ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਬਿਆਨਾਂ 'ਤੇ ਥਾਣਾ ਈ ਡਿਵੀਜ਼ਨ ਵਿਖੇ ਕਰਮਜੀਤ ਸਿੰਘ ਗਿੱਲ ਪੁੱਤਰ ਸੁਖਦੇਵ ਸਿੰਘ ਠੇਕੇਦਾਰ ਵਾਸੀ ਗਲੀ ਨੰਬਰ 07 ਅਮਨ ਐਵੇਨਿਊ ਨਿਊ 88 ਫੁੱਟ ਰੋਡ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਕ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਇਸ਼ਨਾਨ ਕਰਨ ਉਪਰੰਤ 1984 ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ੀਟ ਪਹਿਨ ਕੇ ਫੋਟੋਆਂ ਖਿੱਚੀਆਂ ਤੇ ਮੱਥਾ ਟੇਕਣ ਤੋਂ ਬਿਨਾਂ ਹੀ ਕਾਰ ਵਿੱਚ ਚਲਾ ਗਿਆ। ਇਹ ਵੀ ਪੜ੍ਹੋ : ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਹੋਏ ਨਤਮਸਤਕ ਸ਼੍ਰੋਮਣੀ ਕਮੇਟੀ ਨੇ ਨਿਖੇਧੀ ਕਰਦੇ ਹੋਏ ਕਿਹਾ ਕਿ ਅਣਪਛਾਤੇ ਵਿਅਕਤੀ ਨੇ ਸਿੱਖ ਧਰਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਬਾਅਦ ਵਿੱਚ ਸੋਸ਼ਲ ਮੀਡੀਆ ਉਤੇ ਮੁਲਜ਼ਮ ਦੀ ਪਛਾਣ ਕਰਮਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਘੋਖ ਕਰ ਰਹੀ ਹੈ। ਸੀਸੀਟੀਵੀ ਕੈਮਰੇ ਦੀ ਰਿਕਾਡਿੰਗ ਮੁਤਾਬਕ ਇਹ ਵਿਅਕਤੀ ਆਟਾ ਮੰਡੀ ਬਾਹੀ ਤੋਂ ਪਰਕਰਮਾ ਵਿਚ ਦਾਖ਼ਲ ਹੋਇਆ ਤੇ ਫੋਟੋ ਖਿਚਵਾਉਣ ਮਗਰੋਂ ਬਿਨਾਂ ਮੱਥਾ ਟੇਕਿਆਂ ਵਾਪਸ ਚਲਾ ਗਿਆ। ਇਸ ਤੋਂ ਸਪੱਸ਼ਟ ਹੈ ਕਿ ਇਹ ਵਿਅਕਤੀ ਜਾਣਬੁੱਝ ਕੇ ਕੋਝੀ ਹਰਕਤ ਕਰਨ ਲਈ ਆਇਆ ਸੀ ਨਾ ਕਿ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ।