31 ਜਨਵਰੀ ਤੋਂ ਸੰਸਦ ਦਾ ਬਜਟ ਸੈਸ਼ਨ, 1 ਫਰਵਰੀ ਨੂੰ ਪੇਸ਼ ਹੋਵੇਗਾ ਕੇਂਦਰੀ ਬਜਟ
ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਉਥੇ ਹੀ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬਜਟ ਸੈਸ਼ਨ 31 ਨੂੰ ਰਾਸ਼ਟਰਪਤੀ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਨਾਲ ਸ਼ੁਰੂ ਹੋਵੇਗਾ ਅਤੇ 8 ਅਪ੍ਰੈਲ ਨੂੰ ਸਮਾਪਤ ਹੋਵੇਗਾ। ਸੂਤਰਾਂ ਨੇ ਸ਼ੁੱਕਰਵਾਰ ਨੂੰ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਸਿਫਾਰਸ਼ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ਸੈਸ਼ਨ ਦਾ ਪਹਿਲਾ ਹਿੱਸਾ 11 ਫਰਵਰੀ ਨੂੰ ਖਤਮ ਹੋਵੇਗਾ। ਇਕ ਮਹੀਨੇ ਦੇ ਬ੍ਰੇਕ ਤੋਂ ਬਾਅਦ ਸੈਸ਼ਨ ਦਾ ਦੂਜਾ ਹਿੱਸਾ 14 ਮਾਰਚ ਤੋਂ ਸ਼ੁਰੂ ਹੋ ਕੇ 8 ਅਪ੍ਰੈਲ ਨੂੰ ਖਤਮ ਹੋਵੇਗਾ।ਇਸ ਦੌਰਾਨ ਕੋਵਿਡ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ANI ਦੇ ਅਨੁਸਾਰ, ਸੰਸਦ ਭਵਨ ਦੇ ਲਗਭਗ 400 ਕਰਮਚਾਰੀਆਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਰਾਜ ਸਭਾ ਦੇ ਸਪੀਕਰ ਐਮ. ਵੈਂਕਈਆ ਨਾਇਡੂ ਨੇ ਜਨਰਲ ਸਕੱਤਰ ਪੀਸੀ ਮੋਦੀ ਅਤੇ ਸਲਾਹਕਾਰ ਡਾ. ਪੀਪੀ ਕੇ ਰਾਮਾਚਾਰਿਉਲੂ ਨਾਲ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਬਜਟ ਸੈਸ਼ਨ ਤੋਂ ਪਹਿਲਾਂ ਸਕੱਤਰੇਤ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿੱਚ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜ਼ਰੂਰੀ ਉਪਾਅ ਕੀਤੇ ਜਾਣਗੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਿਹਤ ਸੁਰੱਖਿਆ ਅਤੇ ਹੋਰ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੰਸਦ ਭਵਨ ਕੰਪਲੈਕਸ ਦਾ ਨਿਰੀਖਣ ਕੀਤਾ। ਬਿਰਲਾ ਨੇ ਅਧਿਕਾਰੀਆਂ ਨੂੰ ਸੱਠ ਸਾਲ ਤੋਂ ਵੱਧ ਉਮਰ ਦੇ ਸੰਸਦ ਮੈਂਬਰਾਂ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਸੰਸਦ ਕੰਪਲੈਕਸ ਵਿੱਚ ਟੈਸਟਿੰਗ ਅਤੇ ਟੀਕਾਕਰਨ ਦਾ ਪ੍ਰਬੰਧ ਕੀਤਾ ਹੈ। ਇਹ ਵੀ ਪੜ੍ਹੋ:ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਾਂਗਰਸ ਨਾਲ 50 ਸਾਲ ਪੁਰਾਣਾ ਤੋੜਿਆ ਰਿਸ਼ਤਾ -PTC News