ਭੇਦਭਰੇ ਹਾਲਾਤ 'ਚ ਗੰਨੇ ਦੇ ਖੇਤ 'ਚੋਂ ਨੌਜਵਾਨ ਦੀ ਲਾਸ਼ ਬਰਾਮਦ
ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਦੇ ਨਜ਼ਦੀਕੀ ਪਿੰਡ ਬੈਂਚ ਦੇ ਇਕ ਨੌਜਵਾਨ ਦੀ ਭੇਦਭਰੇ ਹਾਲਾਤ ਵਿੱਚ ਲਾਸ਼ ਗੰਨੇ ਦੇ ਖੇਤਾਂ ਵਿਚ ਬਰਾਮਦ ਹੋਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਕਤਲ ਕਰਨ ਮਗਰੋਂ ਉਸ ਦੀ ਲਾਸ਼ ਨੂੰ ਗੰਨੇ ਦੇ ਖੇਤਾਂ ਵਿਚ ਸੁੱਟ ਕੇ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬੈਂਚ ਬਾਜਾ ਵਜੋਂ ਹੋਈ ਹੈ। ਦਲਜੀਤ ਸਿੰਘ ਡਰਾਇਵਰੀ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਦੋ ਦਿਨ ਪਹਿਲਾਂ ਵਿਦੇਸ਼ ਇੰਗਲੈਂਡ ਗਈ ਜਿਸਦੇ ਦੋ ਲੜਕੇ ਹਨ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਮੇਰੇ ਲੜਕੇ ਦੀ ਮੌਤ ਸ਼ੱਕੀ ਹਾਲਾਤ ਵਿਚ ਹੋਈ ਹੈ ਤੇ ਉਸ ਨੇ ਮੰਗ ਕੀਤੀ ਕਿ ਉਸ ਦੇ ਲੜਕੇ ਦੇ ਕਤਲ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ। ਜਿਥੇ ਟਾਂਡਾ ਅਧੀਨ ਪੈਂਦੀ ਸਰਾਂ ਪੁਲਿਸ ਚੌਂਕੀ ਇੰਚਾਰਜ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਫੋਨ ਕਰਕੇ ਕਿਹਾ ਕਿ ਗੰਨੇ ਦੇ ਖੇਤ ਵਿੱਚ ਲਾਸ਼ ਬਰਾਮਦ ਹੋਈ ਹੈ। ਚੌਂਕੀ ਇੰਚਰਜ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News ਇਹ ਵੀ ਪੜ੍ਹੋ : ਮਾਈਨਿੰਗ ਮੰਤਰੀ ਹਰਜੋਤ ਬੈਂਸ ਨੂੰ ਬਰਖਾਸਤ ਕੀਤਾ ਜਾਵੇ : ਰਾਣਾ ਕੇਪੀ ਸਿੰਘ