ਹਸਪਤਾਲ 'ਚ ਛੇ ਘੰਟੇ ਬੈੱਡ 'ਤੇ ਪਈ ਰਹੀ ਔਰਤ ਦੀ ਲਾਸ਼, ਵਿਲਕਦੇ ਬੱਚਿਆਂ ਨੇ ਹਰ ਇਕ ਦੇ ਮਨ ਨੂੰ ਝੰਜੋੜਿਆ
ਕੋਟਾ : ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਇਕ ਸਰਕਾਰੀ ਹਸਪਤਾਲ ਦੀ ਬੇਹੱਦ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਬੱਚੇ 6 ਘੰਟੇ ਤੱਕ ਆਪਣੀ ਮਾਂ ਦੀ ਲਾਸ਼ ਕੋਲ ਬੈਠੇ ਰਹੇ। 2 ਸਾਲ ਦੀ ਧੀ ਆਪਣੀ ਮਾਂ ਨੂੰ ਸੁੱਤਾ ਪਿਆ ਸਮਝ ਰਹੀ ਸੀ ਤੇ ਵਾਰ-ਵਾਰ ਚਾਦਰ ਚੁੱਕ ਕੇ ਉਠਾਉਣ ਦੀ ਕੋਸ਼ਿਸ਼ ਰਹੀ ਸੀ। ਉਸ ਬੈੱਡ 'ਤੇ ਮਾਂ ਦੀ ਲਾਸ਼ ਦੇ ਕੋਲ 3 ਮਹੀਨੇ ਦਾ ਪੁੱਤਰ ਵੀ ਰੋ ਰਿਹਾ ਸੀ। ਦੋਵੇਂ ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਦੀ ਮਾਂ ਹੁਣ ਇਸ ਦੁਨੀਆਂ 'ਚ ਨਹੀਂ ਰਹੀ। ਉਸ ਵਾਰਡ ਵਿੱਚ ਕਈ ਹੋਰ ਮਰੀਜ਼ ਵੀ ਦਾਖ਼ਲ ਸਨ ਅਤੇ ਬੈੱਡ ਉਤੇ 20 ਸਾਲਾ ਵਿਆਹੁਤਾ ਦੀ ਲਾਸ਼ ਪਈ ਸੀ। ਕਰੀਬ 6 ਘੰਟੇ ਲਾਸ਼ ਬੈੱਡ 'ਤੇ ਪਈ ਰਹੀ ਪਰ ਕਿਸੇ ਨੇ ਵੀ ਇਸ ਨੂੰ ਚੁੱਕਣ ਦੀ ਖੇਚਲ ਨਹੀਂ ਕੀਤੀ। ਹਸਪਤਾਲ ਪ੍ਰਸ਼ਾਸਨ ਤੋਂ ਲੈ ਕੇ ਪੁਲਿਸ ਦੀ ਬੇਹੱਦ ਲਾਪਰਵਾਹੀ ਨਜ਼ਰ ਆਈ। ਇਸ ਦੌਰਾਨ ਬੱਚਿਆਂ ਦੀ ਨਾਨੀ ਉਨ੍ਹਾਂ ਨੂੰ ਕਹਿੰਦੀ ਰਹੀ ਕਿ ਮਾਂ ਸੌਂ ਰਹੀ ਹੈ, ਤੰਗ ਨਾ ਕਰੋ। ਫਿਰ ਵੀ 2 ਸਾਲ ਦੀ ਬੱਚੀ ਵਾਰ-ਵਾਰ ਚਾਦਰ ਲਾਹ ਕੇ ਮਾਂ ਨੂੰ ਬੁਲਾਉਂਦੀ। ਜਦੋਂ ਕਾਫੀ ਦੇਰ ਤੱਕ ਕੋਈ ਆਵਾਜ਼ ਨਾ ਆਈ ਤਾਂ ਉਹ ਰੋਣ ਲੱਗ ਪਈ। ਇਹ ਦੇਖ ਕੇ ਵਾਰਡ ਦੇ ਬਾਕੀ ਮਰੀਜ਼ਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਨਗਰਫੋਰਟ ਦੇ ਰਹਿਣ ਵਾਲੇ ਕਾਲੂ ਨੇ ਦੱਸਿਆ ਕਿ ਸ਼ਬਾਨਾ (20) ਉਸ ਦੀ ਭੈਣ ਸੀ। ਉਸ ਦੇ ਸਹੁਰੇ ਹਰਿਆਣਾ ਦੇ ਰੇਵਾੜੀ 'ਚ ਹਨ। ਡਿਲਿਵਰੀ 3 ਮਹੀਨੇ ਪਹਿਲਾਂ ਹੋਈ ਸੀ। ਇਸ ਕਾਰਨ ਸ਼ਬਾਨਾ ਨਾਗਰਫੋਰਟ ਆਈ ਸੀ। ਰਾਤ ਨੂੰ ਉਨ੍ਹਾਂ ਦੀ ਛਾਤੀ 'ਚ ਦਰਦ ਹੋ ਰਿਹਾ ਸੀ। ਪਰਿਵਾਰ ਵਾਲੇ ਇਲਾਜ ਲਈ ਉਸ ਨੂੰ ਦਿਖਾਉਣ ਲਈ ਕੋਟਾ ਲੈ ਗਏ। ਉਹ ਨਾਗਰਫੋਰਟ ਤੋਂ ਨੈਣਵਾਨ ਆਟੋ ਰਾਹੀਂ ਆਇਆ ਸੀ। ਫਿਰ ਬੱਸ 'ਚ ਬੈਠ ਗਏ ਪਰ ਬੱਸ ਵਿੱਚ ਹੀ ਸ਼ਬਾਨਾ ਦੀ ਸਿਹਤ ਹੋਰ ਵਿਗੜਣ ਲੱਗੀ। ਅਜਿਹੇ 'ਚ ਉਹ ਬੱਸ 'ਚੋਂ ਉਤਰੇ ਅਤੇ ਦੁਪਹਿਰ ਕਰੀਬ 12 ਵਜੇ ਸ਼ਬਾਨਾ ਨੂੰ ਨੈਣਵਾਂ ਹਸਪਤਾਲ ਲੈ ਆਏ। ਇਲਾਜ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਇਹ ਵੀ ਪੜ੍ਹੋ : ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਦਿੱਤਾ ਅਸਤੀਫ਼ਾ ਇਸ ਮਗਰੋਂ ਹਸਪਤਾਲ ਦੇ ਸਟਾਫ ਨੇ ਲਾਸ਼ ਨੂੰ ਚਾਦਰ ਨਾਲ ਢੱਕ ਦਿੱਤਾ। ਕਰੀਬ 6 ਘੰਟੇ ਤੱਕ ਲਾਸ਼ ਬੈੱਡ 'ਤੇ ਪਈ ਰਹੀ ਪਰ ਕਿਸੇ ਨੇ ਵੀ ਚੁੱਕਣ ਦੀ ਖੇਚਲ ਨਹੀਂ ਕੀਤੀ। ਪੁਲਿਸ ਦੇ ਆਉਣ ਤੋਂ ਬਾਅਦ ਲਾਸ਼ ਨੂੰ ਮੋਰਚਰੀ 'ਚ ਰਖਵਾਇਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਸ਼ਬਾਨਾ ਦੀ ਮੌਤ ਕਿਸ ਬਿਮਾਰੀ ਨਾਲ ਹੋਈ ਹੈ। ਵਾਰਡ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਈ ਵਾਰ ਇੱਥੇ ਤਾਇਨਾਤ ਨੈਣਵਾਂ ਪੁਲਿਸ ਨੂੰ ਜਲਦੀ ਪੋਸਟਮਾਰਟਮ ਕਰਵਾਉਣ ਦੀ ਬੇਨਤੀ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਨਾਗਰਫੋਰਟ ਪੁਲਿਸ ਨੇ ਉਡੀਕ ਕਰਨ ਲਈ ਕਹਿ ਕੇ ਸਾਰਿਆਂ ਦੇ ਮੂੰਹ ਬੰਦ ਕਰਵਾ ਦਿੱਤੇ। ਸ਼ਾਮ 6.30 ਵਜੇ ਦੇ ਕਰੀਬ ਨਗਰਫੋਰਟ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਉਥੋਂ ਕੱਢ ਕੇ ਮੁਰਦਾਘਰ 'ਚ ਰਖਵਾਇਆ। ਦੂਜੇ ਦਿਨ ਸ਼ਬਾਨਾ ਦਾ ਪਤੀ ਆਇਆ। ਇਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। -PTC News