ਜਿਲ੍ਹਾ ਜਲੰਧਰ 'ਚ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇਸਲਾਮਗੰਜ ਦੀ ਪਰਮਪਾਲ ਕੌਰ ਦੀ ਡੋਲੀ ਅਜੇ ਉਸ ਦੇ ਸਹੁਰੇ ਘਰ ਪਹੁੰਚੀ ਹੀ ਸੀ ਕਿ ਕੁਝ ਘੰਟਿਆਂ ਵਿਚ ਉਸਦੀ ਲਾਸ਼ ਉਸ ਦੇ ਪੇਕੇ ਘਰ ਪਹੁੰਚ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੁੰਡਿਆਂ ਨੇ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
Read More : ਕੋਰੋਨਾ ਤੋਂ ਬਚਾਅ ਲਈ ਕੇਜਰੀਵਾਲ ਦਾ ਐਲਾਨ,ਲਗਾਏ ਜਾਣਗੇ 44 ਆਕਸੀਜਨ ਪਲਾਂਟ
ਸਥਾਨਕ ਵਿਸ਼ਵਕਰਮਾ ਮਾਰਕੀਟ ਵਿਚ ਰਹਿੰਦੇ ਇਕ ਪਰਿਵਾਰ ਵਿਚ ਬੀਤੀ ਰਾਤ ਵਿਆਹ ਕਰਵਾ ਕੇ ਆਈ ਇਕ ਪਰਮਪਾਲ ਦੀ ਅੱਜ ਬਾਅਦ ਦੁਪਹਿਰ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕਾ ਪਰਮਪਾਲ ਕੌਰ ਉਰਫ ਸਿਮਰਨ (22 ਸਾਲ) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਵਿਆਹ ਦੀ ਪਹਿਲੀ ਰਾਤ ਹੀ ਸਹੁਰਾ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਗਿਆ ਅਤੇ ਬਿਨਾਂ ਮਾਂ-ਬਾਪ ਦੀ ਇਹ ਧੀ ਸ਼ਾਇਦ ਪ੍ਰੇਸ਼ਾਨ ਹੋ ਗਈ ਸੀ ਅਤੇ ਆਪਣੀ ਜ਼ਿੰਦਗੀ ਖਿੱਲਰਦੀ ਵੇਖ ਕੇ ਗੁੰਮ-ਸੁੰਮ ਹੋ ਕੇ ਜ਼ਮੀਨ ’ਤੇ ਡਿੱਗ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਿਮਰਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੇਕੇ ਪਰਿਵਾਰ ਦੇ ਲੋਕ ਵੱਡੇ ਗਿਣਤੀ ਵਿਚ ਮੌਕੇ ’ਤੇ ਪਹੁੰਚੇ ਅਤੇ ਦਾਜ ਦੇ ਲੋਭੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਮ੍ਰਿਤਕ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ। ਸਿਮਰਨ ਅਤੇ ਉਸ ਦੇ ਛੋਟੇ ਭਰਾ ਦਾ ਪਾਲਣ-ਪੋਸ਼ਣ ਉਸ ਦੀ ਬਜ਼ੁਰਗ ਦਾਦੀ ਨੇ ਕੀਤਾ।

ਜ਼ਿਕਰਯੋਗ ਹੈ ਕਿ ਕਰੀਬ 2 ਮਹੀਨੇ ਪਹਿਲਾਂ ਸਿਮਰਨ ਦਾ ਰਿਸ਼ਤਾ ਕਰਤਾਰਪੁਰ ਦੇ ਵਿਸ਼ਵਕਰਮਾ ਬਾਜ਼ਾਰ ਵਿਚ ਫਰਨੀਚਰ ਦਾ ਕੱਚਾ ਮਾਲ ਤਿਆਰ ਕਰਨ ਦਾ ਕੰਮ ਕਰਦੇ ਜਰਨੈਲ ਸਿੰਘ ਦੇ ਬੇਟੇ ਸੁਪ੍ਰੀਤ ਸਿੰਘ ਨਾਲ ਹੋ ਗਿਆ। ਉਨ੍ਹਾਂ ਦਾ 25 ਅਪ੍ਰੈਲ ਨੂੰ ਹੀ ਵਿਆਹ ਹੋਇਆ ਸੀ।
ਮ੍ਰਿਤਕਾ ਸਿਮਰਨ ਦੀ ਦਾਦੀ ਦੇ ਭਰਾ ਜੋਗਾ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਕਾਰਨ ਜ਼ਿਆਦਾ ਬਰਾਤੀ ਲਿਆਉਣ ਦੀ ਇਜਾਜ਼ਤ ਨਹੀਂ ਸੀ ਪਰ ਲੜਕੇ ਵਾਲੇ ਜ਼ਿਆਦਾ ਬਰਾਤ ਲਿਆਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਪਿੰਡ ਨਡਾਲਾ ਦੇ ਗੁਰਦੁਆਰਾ ਸਾਹਿਬ ਵਿਚ ਲੜਕੀ ਦਾ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਅਤੇ ਹਰ ਸੰਭਵ ਸੇਵਾ ਕੀਤੀ ਤੇ ਖੁਸ਼ੀ-ਖੁਸ਼ੀ ਸ਼ਾਮ ਨੂੰ 6 ਵਜੇ ਦੇ ਕਰੀਬ ਡੋਲੀ ਤੋਰ ਦਿੱਤੀ। ਵਿਆਹ ਸਮਾਰੋਹ ਖ਼ਤਮ ਹੋਇਆਂ ਸਿਰਫ 9-10 ਘੰਟੇ ਹੀ ਬੀਤੇ ਹੋਣਗੇ ਕਿ ਅੱਜ ਸਵੇਰੇ 5 ਵਜੇ ਦੇ ਲਗਭਗ ਸਿਮਰਨ ਦੇ ਸਹੁਰਿਓਂ ਫੋਨ ਕਰ ਕੇ ਉਨ੍ਹਾਂ ਨੂੰ ਬੁਲਾਇਆ ਗਿਆ। ਜਿਥੇ ਪਹੁੰਚ ਕੇ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ।
ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਜਲੰਧਰ ਲਿਆਂਦਾ। ਐਸਪੀ ਡੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਲਾੜੇ ਸੁਪ੍ਰੀਤ ਸਿੰਘ, ਉਸਦੇ ਪਿਤਾ ਜਰਨੈਲ ਸਿੰਘ, ਮਾਂ ਜਸਵਿੰਦਰ ਕੌਰ, ਭੈਣ ਨਵਜੋਤ ਕੌਰ ਅਤੇ ਵਿਚੋਲਾ ਜਸਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਐਸਪੀ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੀ ਲੜਕੀ 'ਤੇ ਤਸ਼ੱਦਦ ਢਾਹਿਆ ਗਿਆ, ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ।
Click here to follow PTC News on Twitter