ਨਸ਼ੇ ਨੂੰ ਲੈ ਕੇ ਲੱਗਾ ਬੋਰਡ ਬਣਿਆ ਚਰਚਾ ਦਾ ਵਿਸ਼ਾ, ਵੀਡੀਓ ਹੋ ਰਹੀ ਵਾਇਰਲ
ਬਠਿੰਡਾ : ਬਠਿੰਡਾ ਦੀ ਸਬ-ਡਵੀਜ਼ਨ ਮੌੜ ਦੇ ਪਿੰਡ ਭਾਈ ਬਖਤੌਰ ਵਿਚ ਖੇਤਾਂ 'ਚ ਲੱਗਿਆ ਹੋਇਆ ਇਕ ਬੋਰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬੋਰਡ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਬੋਰਡ ਵਿਚ ਲਿਖਿਆ ਹੋਇਆ ਹੈ ਕਿ ਚਿੱਟਾ ਇੱਧਰ ਮਿਲਦਾ ਹੈ। ਇਸ ਬੋਰਡ ਨੂੰ ਲੈ ਕੇ ਪਿੰਡ ਭਾਈ ਬਖਤੌਰ ਦੇ ਇਕ ਨੌਜਵਾਨ ਵੱਲੋਂ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਗਈ ਹੈ। ਇਸ 'ਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨ ਨਸ਼ੇ ਨੂੰ ਬੰਦ ਕਰਨ ਲਈ ਦਿੱਤੇ ਬਿਆਨ ਉਤੇ ਵੀ ਤਿੱਖਾ ਪ੍ਰਤੀਕਰਮ ਕੀਤਾ ਗਿਆ ਹੈ। ਬਿਆਨ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਗਿੱਦੜਸਿੰਗੀ ਨਹੀਂ ਹੈ ਕਿ ਨਸ਼ਾ ਇਸੇ ਤਰ੍ਹਾਂ ਬੰਦ ਹੋ ਜਾਵੇਗਾ, ਇਸ ਨੂੰ ਬੰਦ ਕਰਨ ਵਿਚ ਸਮਾਂ ਲੱਗੇਗਾ। ਨੌਜਵਾਨ ਨੇ ਪਿੰਡ ਤੇ ਬਠਿੰਡਾ ਜ਼ਿਲ੍ਹੇ ਵਿਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਉਤੇ ਚਿੰਤਾ ਜ਼ਾਹਿਰ ਕੀਤੀ ਹੈ। ਨੌਜਵਾਨ ਨੇ ਇਹ ਵੀ ਖ਼ਦਸ਼ਾ ਜ਼ਾਹਿਰ ਕੀਤੀ ਹੈ ਕਿ ਇਸ ਵੀਡੀਓ ਤੋਂ ਬਾਅਦ ਪੁਲਿਸ ਉਸ ਖਿਲਾਫ਼ ਮਾਮਲਾ ਦਰਜ ਕਰ ਸਕਦੀ ਹੈ। ਬਠਿੰਡਾ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਨੌਜਵਾਨ ਨੇ ਕਿਹਾ ਕਿ ਚਿੱਟਾ ਵੇਚਣ ਵਾਲਿਆਂ ਸਬੰਧੀ ਉਸ ਕੋਲ ਪੁਖ਼ਤਾ ਸਬੂਤ ਹਨ ਤੇ ਉਹ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦੇ ਰਿਹਾ ਹੈ। ਰਿਪੋਰਟ-ਮਨੀਸ਼ ਕੁਮਾਰ -PTC News ਇਹ ਵੀ ਪੜ੍ਹੋ : NID ਫਾਊਂਡੇਸ਼ਨ ਵੱਲੋਂ ਆਕਲੈਂਡ ਵਿਖੇ PM ਮੋਦੀ ਦੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਸੁਚੱਜੇ ਸਬੰਧਾਂ ਨੂੰ ਦਰਸਾਉਂਦੀਆਂ 2 ਪੁਸਤਕਾਂ ਦੀ ਘੁੰਢ ਚੁਕਾਈ