ਸਰਕਾਰ ਦੇ ਕੰਮ ਨਿਆਰੇ, 'ਬਾਬੂ' ਕੱਢ ਰਹੇ ਲਗਜ਼ਰੀ ਗੱਡੀਆਂ ਦੇ ਟੈਂਡਰ ਤੇ ਤਨਖ਼ਾਹਾਂ ਨੂੰ ਤਰਸੇ ਮੁਲਾਜ਼ਮ ਵਿਚਾਰੇ
ਚੰਡੀਗੜ੍ਹ: ਆਰਥਿਕ ਮੰਦਹਾਲੀ ਵਿਚੋਂ ਲੰਘ ਰਹੇ ਪੰਜਾਬ ਵਿਚ ਸਰਕਾਰੀ ਮੁਲਾਜ਼ਮਾਂ ਨੂੰ ਤਕਰੀਬਨ ਹਰ ਮਹੀਨੇ ਤਨਖ਼ਾਹਾਂ ਲੈਣ ਲਈ ਧਰਨੇ-ਮੁਜ਼ਾਹਰੇ ਕਰਨੇ ਪੈ ਰਹੇ ਹਨ। ਇਸ ਮੰਦੀ ਦਰਮਿਆਨ ਪੰਜਾਬ ਦੇ ਅਫ਼ਸਰਾਂ ਦਾ ਲਗਜ਼ਰੀ ਗੱਡੀਆਂ ਦੇ ਬਗੈਰ ਗੁਜ਼ਾਰਾ ਨਹੀਂ ਹੋ ਰਿਹਾ ਹੈ ਜਿਸ ਲਈ ਹੁਣ ਟੈਂਡਰ ਕੱਢੇ ਗਏ ਹਨ। ਇਸ ਟੈਂਡਰ ਮੁਤਾਬਿਕ 196 ਗੱਡੀਆਂ ਕਿਰਾਏ 'ਤੇ ਲਈਆਂ ਜਾਣਗੀਆਂ। ਇਸ ਟੈਂਡਰ ਦੇ ਜਾਰੀ ਹੋਣ ਨਾਲ ਸਿਹਤ ਵਿਭਾਗ ਦੇ ਅਫ਼ਸਰ ਲਗਜ਼ਰੀ ਗੱਡੀਆਂ 'ਤੇ ਘੁੰਮਣਗੇ। ਇਨ੍ਹਾਂ ਲਗਜ਼ਰੀ ਗੱਡੀਆਂ ਨਾਲ ਸਰਕਾਰੀ ਖਜ਼ਾਨੇ 'ਚੋਂ ਹਰ ਮਹੀਨੇ ਘੱਟੋ-ਘੱਟ 62 ਲੱਖ ਰੁਪਏ ਕਿਰਾਇਆ ਭਰਨਾ ਪਵੇਗਾ। 16 ਜ਼ਿਲ੍ਹਿਆਂ 'ਚ 170 ਗੱਡੀਆਂ ਤੇ 26 ਗੱਡੀਆਂ ਚੰਡੀਗੜ੍ਹ 'ਚ ਰਹਿਣਗੀਆਂ। ਸਰਕਾਰ ਵੱਲੋਂ ਜਾਰੀ ਟੈਂਡਰ ਮੁਤਾਬਿਕ ਹਰ ਜ਼ਿਲ੍ਹੇ ਜਿਵੇਂ ਕਿ ਹੁਸ਼ਿਆਰਪੁਰ-20, ਜਲੰਧਰ-20, ਅੰਮ੍ਰਿਤਸਰ-14, ਬਠਿੰਡਾ-14, ਐਸਬੀ ਐਸ ਨਗਰ-12, ਤਰਨਤਾਰਨ-12, ਫਿਰੋਜ਼ਪੁਰ-10, ਫਾਜ਼ਿਲਕਾ-12, ਫ਼ਰੀਦਕੋਟ-6 , ਬਰਨਾਲਾ-6 , ਮੁਕਤਸਰ-6 ਅਤੇ ਮਾਨਸਾ 'ਚ 6 ਲਗਜ਼ਰੀ ਗੱਡੀਆਂ ਰਹਿਣਗੀਆਂ। ਇਥੇ ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਨਾਲ-ਨਾਲ ਦੋ ਮੰਤਰੀਆਂ ਦੇ ਸਬੰਧਤ ਜ਼ਿਲ੍ਹਾ ਸੰਗਰੂਰ ਦੇ ਅਫ਼ਸਰਾਂ ਨੂੰ ਇਕ ਵੀ ਲਗਜ਼ਰੀ ਗੱਡੀ ਨਹੀਂ ਮਿਲੇਗੀ। ਕਾਬਿਲੇਗੌਰ ਹੈ ਕਿ ਪੰਜਾਬ ਵਿਚ ਕਰਜ਼ੇ ਦੇ ਪੰਡ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਵਿੱਤੀ ਸੰਕਟ ਚੱਲ ਰਿਹਾ ਹੈ। ਪੰਜਾਬ ਸਿਰ ਇਸ ਸਮੇਂ ਪੌਣੇ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ। ਸਤੰਬਰ ਮਹੀਨੇ ਵਿਚ ਵਰਲਡ ਬੈਂਕ ਦੇ ਕਾਰਜਕਾਰੀ ਪ੍ਰਬੰਧਕੀ ਮੰਡਲ ਵੱਲੋਂ ਪੰਜਾਬ ਨੂੰ ਆਪਣੇ ਵਿੱਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ ਅਤੇ ਜਨਤਕ ਸੇਵਾਵਾਂ ਵਿਚ ਸੁਧਾਰ ਕਰਨ ਵਿੱਚ ਮਦਦ ਕਰਨ ਲਈ 150 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਦੀ ਮਨਜ਼ੂਰੀ ਦਿੱਤੀ ਸੀ। ਵਿਸ਼ਵ ਬੈਂਕ ਦੀ ਡਾਇਰੈਕਟਰ ਅਗਸਟੇ ਤਾਨੋ ਨੇ ਕਿਹਾ ਸੀ ਕਿ ਵਿਸ਼ਵ ਬੈਂਕ ਵੱਲੋਂ ਸਮੇਂ-ਸਮੇਂ ’ਤੇ ਅਜਿਹੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਹੋਰ ਸ਼੍ਰੋਤਾਂ ਜ਼ਰੀਏ ਵੀ ਕਰਜ਼ੇ ਲੈ ਰਹੀ ਹੈ। ਰਿਪੋਰਟ-ਰਵਿੰਦਰ ਮੀਤ -PTC News ਇਹ ਵੀ ਪੜ੍ਹੋ : BSF ਦੇ ਹੱਥ ਲੱਗਿਆ ਹਥਿਆਰਾਂ ਦਾ ਵੱਡਾ ਜ਼ਖੀਰਾ, AK47 ਦੇ ਨਾਲ-ਨਾਲ ਗੋਲਾ ਬਾਰੂਦ ਵੀ ਬਰਾਮਦ