ਮੁੱਖ ਮੰਤਰੀ ਦੀ ਆਮਦ ; ਪੰਜਾਬ ਭਵਨ ਅੱਗੇ ਖੜ੍ਹੀਆਂ ਗੱਡੀਆਂ ਨੂੰ ਪਾਸੇ ਕਰਨ ਲਈ ਲਿਆਂਦੀ ਟੋਅ ਵੈਨ ਫਸੀ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੋਂ ਪਹਿਲਾਂ ਪੰਜਾਬ ਭਵਨ ਦੇ ਬਾਹਰ ਅਨੋਖੀ ਤਸਵੀਰ ਦਿਖਾਈ ਦਿੱਤੀ। ਪੰਜਾਬ ਭਵਨ ਦੇ ਬਾਹਰ ਗਲਤ ਢੰਗ ਨਾਲ ਖੜ੍ਹੀਆਂ ਗੱਡੀਆਂ ਦਿੱਕਤ ਦਾ ਕਾਰਨ ਬਣ ਰਹੀਆਂ ਸਨ। ਇਸ ਤੋਂ ਬਾਅਦ ਉਥੇ ਮੁਲਾਜ਼ਮਾਂ ਨੇ ਇਨ੍ਹਾਂ ਵਾਹਨਾਂ ਨੂੰ ਪਾਸੇ ਕਰਨ ਦੀ ਯੋਜਨਾ ਬਣਾਈ। ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਪੰਜਾਬ ਭਵਨ ਦੇ ਬਾਹਰ ਗਲਤ ਪਾਰਕ ਕੀਤੇ ਵਾਹਨਾਂ ਨੂੰ ਹਟਾਉਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਟੋਅ ਵੈਨ ਨੂੰ ਪੁਲਿਸ ਨੇ ਬੁਲਾਇਆ ਗਿਆ। ਇਸ ਦੌਰਾਨ ਗਲਤ ਤਰੀਕੇ ਨਾਲ ਪਾਰਕ ਕੀਤੀ ਇਨੋਵਾ ਗੱਡੀ ਨੂੰ ਟੋਅ ਕਰਨ ਦੀ ਕੋਸ਼ਿਸ਼ ਕਰਦੇ ਹੋਏ ਟੋਅ ਵੈਨ ਖੱਡੇ ਵਿੱਚ ਡਿੱਗ ਗਈ। ਜਿਸ ਨੂੰ ਬਾਹਰ ਕੱਢਣ ਲਈ ਪੁਲਿਸ ਨੂੰ ਕਾਫੀ ਮੁਸ਼ਕਤ ਕਰਨੀ ਪਈ। ਟੋਅ ਵੈਨ ਨੂੰ ਕੱਢਣ ਲਈ ਪੁਲਿਸ ਲਗਭਗ 30 ਮਿੰਟ ਲੱਗੀ ਰਹੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਟੋਅ ਵੈਨ ਨੂੰ ਧੱਕਾ ਲਗਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਚਾਨਕ ਮੁੱਖ ਮੰਤਰੀ ਦਾ ਕਾਫਲਾ ਪਹੁੰਚ ਗਿਆ ਫਿਰ ਪੁਲਿਸ ਮੁਲਾਜ਼ਮ ਟੋਅ ਵੈਨ ਨੂੰ ਉੱਥੇ ਹੀ ਛੱਡ ਕੇ ਚਲੇ ਗਏ। ਮੁੱਖ ਮੰਤਰੀ ਪੰਜਾਬ ਭਵਨ ਦੇ ਅੰਦਰ ਜਾਣ ਤੋਂ ਬਾਅਦ ਕਾਰ ਨੂੰ ਹਟਾਉਣ ਦੀ ਕਵਾਇਦ ਫਿਰ ਸ਼ੁਰੂ ਹੋ ਗਈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ 'ਚ ਨਸ਼ਿਆਂ ਖਿਲਾਫ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਹੁਣ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀਆਂ ਟੀਮਾਂ ਸੂਬੇ ਭਰ ਵਿੱਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਹਰ ਜ਼ਿਲ੍ਹੇ ਵਿੱਚ ਐਸਟੀਐਫ ਦੀਆਂ 2-2 ਟੀਮਾਂ ਤਾਇਨਾਤ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਸਰਹੱਦੀ ਖੇਤਰ ਵਿੱਚ 4-4 ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਨੂੰ ਐਸਟੀਐਫ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਲਈ ਚੰਡੀਗੜ੍ਹ ਤਲਬ ਕੀਤਾ ਹੋਇਆ ਹੈ, ਜਿਸ ਦੀ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਚੱਲ ਰਹੀ ਹੈ। ਇਹ ਵੀ ਪੜ੍ਹੋ : ਮਾਪੇ ਪੁੱਜੇ ਅਦਾਲਤ 'ਚ, ਪੋਤਾ ਜਾਂ ਪੋਤੀ ਦਿਓ ਨਹੀਂ ਤਾਂ 5 ਕਰੋੜ ਰੁਪਏ ਹਰਜਾਨਾ