ਸਿਮਰਜੀਤ ਬੈਂਸ ਦੀ ਪਟਿਆਲਾ ਅਦਾਲਤ 'ਚ ਹੋਈ ਪੇਸ਼ੀ, 5 ਸਤੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਪਟਿਆਲਾ : ਪਟਿਆਲਾ ਦੀ ਅਦਾਲਤ ਵਿੱਚ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਮਾਣਹਾਨੀ ਦੇ ਮਾਮਲੇ ਵਿੱਚ ਪੇਸ਼ ਹੋਈ। ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬੈਂਸ ਖ਼ਿਲਾਫ਼ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਹੈ। ਜਿਸ ਸੰਬੰਧੀ ਪਟਿਆਲਾ ਪੁਲਿਸ ਵੱਲੋਂ ਅੱਜ ਬੈਂਸ ਨੂੰ ਪ੍ਰੋਡਕਸ਼ਨ ਵਾਰੰਟ ਰਾਹੀ ਜੇਲ੍ਹ ਵਿਚੋਂ ਇਥੋਂ ਦੀ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ।
ਇਸ ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ ਤੈਅ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਜੱਜ ਸੀਨੀਅਰ ਡਵੀਜ਼ਨ ਮੋਨਿਕਾ ਸ਼ਰਮਾ ਦੀ ਅਦਾਲਤ ਵਿੱਚ ਬੈਂਸ ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਬੈਂਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਡੀਕਲ ਮਾਫੀਆ ਨੂੰ ਲੈ ਕੇ ਘਪਲਿਆਂ ਦੀਆਂ ਵੀਡੀਓ ਨਸ਼ਰ ਕਰਾਂਗਾ। ਸਿਮਰਜੀਤ ਬੈਂਸ ਨੇ ਕਿਹਾ ਕਿ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਪਿਛਲੇ ਸਮੇਂ ਦੌਰਾਨ ਹੋਏ ਗਲਤ ਕੰਮਾਂ ਨੂੰ ਉਜਾਗਰ ਕੀਤਾ ਸੀ।
ਬੈਂਸ ਨੇ ਦਾਅਵਾ ਕੀਤਾ ਕਿ ਉਹ ਜੇਲ੍ਹ ਵਿਚੋਂ ਬਾਹਰ ਆ ਕੇ ਸਾਬਕਾ ਮੰਤਰੀ ਖ਼ਿਲਾਫ਼ ਹੋਰ ਸਬੂਤ ਵੀ ਜੱਗ ਜ਼ਾਹਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਬ੍ਰਹਮ ਮਹਿੰਦਰਾ ਲੋਕਲ ਬਾਡੀ ਮੰਤਰੀ ਸਨ ਤਾਂ ਉਸ ਸਮੇਂ ਕਈ ਘਪਲੇ ਹੋਏ ਸਨ। ਇਸ ਦੇ ਕਈ ਸਬੂਤ ਇਨ੍ਹਾਂ ਨੇ ਕਾਗਜ਼ਾਂ ਵਿਚੋਂ ਉਡਾ ਦਿੱਤੇ ਪਰ ਜੋ ਵੀਡੀਓ ਸਬੂਤ ਪਏ ਹਨ, ਉਹ ਨੂੰ ਕਿਸ ਤਰ੍ਹਾਂ ਖ਼ਤਮ ਕਰ ਸਕਣਗੇ।
ਬੈਂਸ ਨੇ ਕਿਹਾ ਕਿ ਜਲਦ ਹੀ ਉਹ ਵੀਡੀਓ ਜਦੋਂ ਮੇਰੇ ਕੋਲ ਪਹੁੰਚਣਗੀਆਂ ਜਿਨ੍ਹਾਂ ਨੂੰ ਉਹ ਮੀਡੀਆ ਸਾਹਮਣੇ ਨਸ਼ਰ ਕਰਨਗੇ। ਇਹ ਤਾਂ ਇਕ ਮਾਮਲਾ ਹੈ ਪਰ ਅਜਿਹੇ ਹੋਰ ਵੀ ਕਈ ਮਾਮਲੇ ਹਨ, ਜਿਸ ਵਿੱਚ ਬ੍ਰਹਮ ਮਹਿੰਦਰਾ ਦੀ ਸਿੱਧੇ ਤੌਰ ਉਤੇ ਸ਼ਮੂਲੀਅਤ ਰਹੀ ਹੈ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਹੈ ਜਦਕਿ ਸਿਰਫ਼ ਪੈਸੇ ਦੇ ਕੇ ਹੀ ਅਖ਼ਬਾਰਾਂ ਦੇ ਪੂਰੇ ਪੰਨਿਆਂ ਉਤੇ ਇਸ਼ਤਿਹਾਰ ਲਗਵਾਏ ਜਾ ਰਹੇ ਹਨ। ਜੇਕਰ ਕੋਈ ਕੰਮ ਕੀਤਾ ਹੁੰਦਾ ਜਾਂ ਕੋਈ ਵਿਕਾਸ ਹੁੰਦਾ ਤਾਂ ਕੋਈ ਇਸ਼ਤਿਹਾਰ ਲਗਾਉਣ ਦੀ ਜ਼ਰੂਰਤ ਨਹੀਂ ਸੀ ਪੈਣੀ।
ਰਿਪੋਰਟ-ਗਗਨਦੀਪ ਆਹੂਜਾ
ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ