ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 316ਵਾਂ ਸੰਪੂਰਨਤਾ ਦਿਵਸ
ਤਲਵੰਡੀ ਸਾਬੋ : ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 316ਵਾਂ ਸੰਪੂਰਨਤਾ ਦਿਵਸ ਅੱਜ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਧਾਰਮਿਕ ਸਮਾਗਮਾਂ ਵਿੱਚ ਪੰਥ ਦੀਆਂ ਸਤਿਕਾਰਤ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ।
ਸਭ ਤੋਂ ਪਹਿਲਾਂ ਅੱਜ ਤਖ਼ਤ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਤਖਤ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸੰਗਤ ਨੂੰ ਕਥਾ ਵੀਚਾਰਾਂ ਰਾਹੀਂ ਗੁਰਇਤਿਹਾਸ ਨਾਲ ਜੋੜਿਆ ਜਦੋਂਕਿ ਮਹੰਤ ਮਨਜੀਤ ਸਿੰਘ ਜੰਮੂ ਨੇ ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਕੇਸਾਧਾਰੀ ਹੋਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਭਾਈ ਮਨੀ ਸਿੰਘ ਨੂੰ ਲਿਖਾਰੀ ਤੇ ਬਾਬਾ ਦੀਪ ਸਿੰਘ ਨੂੰ ਸਹਿ ਲਿਖਾਰੀ ਥਾਪ ਕੇ ਦਮਦਮਾ ਸਾਹਿਬ ਦੇ ਸਥਾਨ ਤੇ 1706 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਉਣ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂੰ ਕਰਵਾਉਂਦਿਆਂ ਸਿੱਖ ਧਰਮ ਤੋਂ ਦੂਰ ਹੋ ਰਹੇ ਲੋਕਾਂ ਨੂੰ ਪ੍ਰੇਰਿਤ ਕਰਕੇ ਵਾਪਸ ਲਿਆਉਣ ਲਈ ਵਿਚਾਰਕ ਮਤਭੇਦਾਂ ਤੋਂ ਉੱਪਰ ਉੱਠ ਕੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਹੰਭਲਾ ਮਾਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਡੇਰਾਵਾਦ ਵੱਲੋਂ ਸਿੱਖ ਪਰੰਪਰਾਵਾਂ ਨੂੰ ਢਾਹ ਲਾਈ ਗਈ ਅਤੇ ਹੁਣ ਨਕਲੀ ਇਸਾਈ ਪਾਸਟਰਾਂ ਵੱਲੋਂ ਕਰਵਾਇਆ ਜਾ ਰਿਹਾ ਧਰਮ ਪਰਿਵਰਤਨ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਸਿੱਖਾਂ ਨੂੰ ਸਰਕਾਰਾਂ ਤੋਂ ਝਾਕ ਛੱਡ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਕੋਈ ਵੀ ਕਿਸੇ ਵੀ ਪਾਰਟੀ ਦੀ ਹੋਵੇ ਉਹ ਸਿੱਖਾਂ ਨਾਲ ਨਾ ਖੜ੍ਹੀ ਸੀ ਅਤੇ ਨਾ ਖੜ੍ਹੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਡੇਰਾਵਾਦ ਦੀ ਸਰਕਾਰਾਂ ਪੁਸ਼ਤਪਨਾਹੀ ਕਰਦੀਆਂ ਰਹੀਆਂ ਤੇ ਹੁਣ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਵਾਲੇ ਨਕਲੀ ਇਸਾਈ ਪਾਸਟਰਾਂ ਦੀ ਪਿੱਠ ਥਾਪੜੀ ਜਾ ਰਹੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਪਿਛਲੇ ਦਿਨੀਂ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ ਰੋਕਣ ਵਾਲੇ ਨਿਹੰਗ ਸਿੰਘਾਂ ਉਤੇ ਮਾਮਲਾ ਦਰਜ ਕਰਨਾ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ।
ਇਸ ਮੌਕੇ ਭਾਈ ਕਰਨੈਲ ਸਿੰਘ ਤੇ ਭਾਈ ਸੁਖਜਿੰਦਰ ਸਿੰਘ ਬਾਬਾ ਬਕਾਲਾ ਹਜ਼ੂਰੀ ਰਾਗੀ ਜਥੇ ਸ੍ਰੀ ਦਰਬਾਰ ਸਾਹਿਬ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਅਰਦਾਸ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ। ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ, ਬੁੱਢਾ ਦਲ ਵੱਲੋਂ ਬਾਬਾ ਜੱਸਾ ਸਿੰਘ, ਬਾਬਾ ਜੀਵਨ ਸਿੰਘ ਮਸੀਤਾਂ, ਬੁੰਗਾ ਮਸਤੂਆਣਾ ਦੇ ਬਾਬਾ ਕਾਕਾ ਸਿੰਘ, ਸੰਪਰਦਾਇ ਭਿੰਡਰਾਂ ਵੱਲੋਂ ਮਹੰਤ ਕਪੂਰ ਸਿੰਘ, ਬਾਬਾ ਲਾਲ ਸਿੰਘ ਧੂਰਕੋਟ, ਬਾਬਾ ਲਾਲ ਦਾਸ ਰਾਜਸਥਾਨ, ਬਾਬਾ ਹਜ਼ੂਰਾ ਸਿੰਘ ਖਿਆਲੀ, ਬਾਬਾ ਬੂਟਾ ਸਿੰਘ ਸ਼ਬਦ ਚੌਂਕੀ ਜਥਾ, ਭਾਈ ਮੋਹਣ ਸਿੰਘ ਬੰਗੀ, ਭਾਈ ਜਗਸੀਰ ਸਿੰਘ ਮਾਂਗੇਆਣਾ, ਭਾਈ ਗੁਰਪ੍ਰੀਤ ਸਿੰਘ ਝੱਬਰ, ਬੀਬੀ ਜੋਗਿੰਦਰ ਕੌਰ, ਬੀਬੀ ਜਸਪਾਲ ਕੌਰ, ਭਾਈ ਸੁਰਜੀਤ ਸਿੰਘ ਰਾਏਪੁਰ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਅਵਤਾਰ ਵਣਵਾਲਾ ਮੈਂਬਰ ਧਰਮ ਪ੍ਰਚਾਰ, ਬਾਬਾ ਪ੍ਰੀਤਮ ਸਿੰਘ ਮੱਲੜੀ, ਬਾਬਾ ਦਰਸ਼ਨ ਸਿੰਘ ਦਾਦੂ, ਭਾਈ ਰਣਜੀਤ ਸਿੰਘ ਮੈਨੇਜਰ ਤਖਤ ਸਾਹਿਬ, ਭਾਈ ਸੁਮੇਰ ਸਿੰਘ ਮੈਨੇਜਰ ਹਾਜੀ ਰਤਨ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ, ਅਕਾਲੀ ਦਲ [ਅ] ਆਗੂ ਗੁਰਸੇਵਕ ਸਿੰਘ ਜਵਾਹਰਕੇ, ਭਾਜਪਾ ਦੇ ਸੀਨੀਅਰ ਆਗੂ ਰਵੀਪ੍ਰੀਤ ਸਿੰਘ ਸਿੱਧੂ, ਬਸਪਾ ਦੇ ਸੂਬਾ ਆਗੂ ਮਾ.ਜਗਦੀਪ ਸਿੰਘ ਗੋਗੀ, ਗੁਰਤਿੰਦਰ ਸਿੰਘ ਰਿੰਪੀ ਪ੍ਰਧਾਨ ਨਗਰ ਕੌਂਸਲ, ਅਕਾਲੀ ਆਗੂ ਬਚਿੱਤਰ ਸਿੰਘ ਉੱਪ ਚੇਅਰਮੈਨ, ਜਸਵਿੰਦਰ ਸਿੰਘ ਸਿੱਧੂ, ਸੁਰਜੀਤ ਸਿੰਘ ਭੱਮ ਆਦਿ ਮੌਜੂਦ ਰਹੇ। ਸਟੇਜ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆ ਨੇ ਬਾਖੂਬੀ ਨਿਭਾਈ। ਅੰਤ ਵਿੱਚ ਸਿੰਘ ਸਾਹਿਬ ਨੇ ਪੁੱਜੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ।
-PTC News
ਇਹ ਵੀ ਪੜ੍ਹੋ : ਪਟਿਆਲਾ ਦੇ ਚਾਰ ਹੋਰ ਖੇਤਰਾਂ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ