ਅੱਤਵਾਦੀ ਅਰਸ਼ ਡੱਲਾ ਦੇ ਦੋ ਸਾਥੀ ਹਥਿਆਰਾਂ ਦੀ ਖੇਪ ਸਣੇ ਕਾਬੂ
ਚੰਡੀਗੜ੍ਹ : ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਵਿਦੇਸ਼ੀ ਅਧਾਰਤ ਦੇਸ਼ ਵਿਰੋਧੀ ਅਨਸਰਾਂ ਉਤੇ ਸ਼ਿਕੰਜਾ ਕੱਸਦੇ ਹੋਏ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਸੋਮਵਾਰ ਨੂੰ ਭਗੌੜੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਹਰਸ਼ ਕੁਮਾਰ ਤੇ ਉਸ ਦੇ ਸਾਥੀ ਰਾਘਵ ਦੋਵੇਂ ਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 44 ਜਿੰਦਾ ਰੌਂਦ ਸਮੇਤ ਵਿਦੇਸ਼ੀ ਐਮਪੀ-5 ਬੰਦੂਕਾਂ ਵੀ ਬਰਾਮਦ ਕੀਤੀਆਂ ਹਨ। ਵੇਰਵਿਆਂ ਦਾ ਖ਼ੁਲਾਸਾ ਕਰਦੇ ਹੋਏ ਡੀਜੀਪੀ ਪੰਜਾਬ ਵੀ.ਕੇ. ਭਾਵੜਾ ਨੇ ਦੱਸਿਆ ਕਿ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਕਾਰਵਾਈ 'ਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸਐਸਓਸੀ), ਅੰਮ੍ਰਿਤਸਰ ਦੀ ਇੱਕ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਹਰਸ਼ ਨੇ ਖ਼ੁਲਾਸਾ ਕੀਤਾ ਕਿ ਉਹ ਮੋਗਾ ਦੇ ਪਿੰਡ ਸ਼ਾਦੀਵਾਲਾ ਦੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਰਾਹੀਂ ਅਰਸ਼ ਡੱਲਾ ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੂੰ ਮੋਗਾ ਪੁਲਿਸ ਨੇ ਜਨਵਰੀ 2022 ਵਿੱਚ ਗ੍ਰੇਨੇਡਾਂ ਅਤੇ ਹਥਿਆਰਾਂ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਸੀ। ਡੀਜੀਪੀ ਨੇ ਕਿਹਾ ਕਿ ਗੋਪੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਰਸ਼ ਡੱਲਾ ਨੇ ਹਰਸ਼ ਕੁਮਾਰ ਨਾਲ ਸੰਪਰਕ ਬਣਾਇਆ ਤੇ ਉਸਨੂੰ ਉਸ ਲਈ ਕੰਮ ਕਰਨ ਲਈ ਕਿਹਾ, ਜਦਕਿ ਅਰਸ਼ ਡੱਲਾ ਨੇ ਦੋ ਵਾਰ ਹਰਸ਼ ਕੁਮਾਰ ਨੂੰ ਫੰਡ ਵੀ ਭੇਜੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਖੇਪ ਦਾ ਪ੍ਰਬੰਧ ਵੀ ਅਰਸ਼ ਡੱਲਾ ਵੱਲੋਂ ਕੀਤਾ ਗਿਆ ਹੈ। ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਮਾਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਥਿਆਰ ਕਿਸ ਚੈਨਲ ਰਾਹੀਂ ਪ੍ਰਾਪਤ ਕੀਤੇ ਤੇ ਇਹ ਕਿਸ ਮਕਸਦ ਲਈ ਉਨ੍ਹਾਂ ਤੱਕ ਪਹੁੰਚਾਏ ਗਏ ਸਨ, ਇਸ ਬਾਰੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇਸ ਸਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ, ਅੰਮ੍ਰਿਤਸਰ ਵਿਖੇ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਅਰਸ਼ ਡੱਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕੌਣ ਹੈ ਅਰਸ਼ ਡੱਲਾ : ਮੋਗਾ ਵਾਸੀ ਤੇ ਹੁਣ ਕੈਨੇਡਾ 'ਚ ਸਥਿਤ ਅਰਸ਼ ਡੱਲਾ ਇੱਕ ਬਹੁਤ ਸਰਗਰਮ ਗੈਂਗਸਟਰ ਤੋਂ ਅੱਤਵਾਦੀ ਬਣਿਆ ਹੈ ਤੇ ਪਿਛਲੇ ਸਮੇਂ ਵਿੱਚ ਕਈ ਗੈਂਗਸਟਰ ਤੇ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਪੰਜਾਬ ਪੁਲਿਸ ਨੇ ਪਹਿਲਾਂ ਹੀ ਅਰਸ਼ ਡੱਲਾ ਦੇ ਸਹਿਯੋਗੀ ਕਈ ਮਡਿਊਲਾਂ ਦਾ ਪਰਦਾਫਾਸ਼ ਕਰ ਕੇ ਉਸਦੇ ਨਜ਼ਦੀਕੀ ਸਾਥੀਆਂ ਦੀ ਗ੍ਰਿਫ਼ਤਾਰੀ ਅਤੇ ਆਈਈਡੀ, ਹੈਂਡ-ਗ੍ਰੇਨੇਡ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਉਸ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਵੱਲੋਂ ਢੁੱਕਵੇਂ ਪੱਧਰ 'ਤੇ ਸਖ਼ਤ ਯਤਨ ਕੀਤੇ ਜਾ ਰਹੇ ਹਨ। ਇਹ ਵੀ ਪੜ੍ਹੋ : ਸੀਆਈਏ ਦਫ਼ਤਰ 'ਤੇ ਗ੍ਰੇਨੇਡ ਹਮਲੇ ਦੇ ਪਿੱਛੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਤਿੰਨ ਕਾਬੂ