ਟੈਂਡਰ ਘਪਲਾ; ਕਣਕ ਦੀ ਖ਼ਰੀਦ ਲਈ ਹੋਈ ਚੈਟ ਵੀ ਬਣੀ ਜਾਂਚ ਦਾ ਹਿੱਸਾ, ਰਾਹੁਲ ਦੀ ਰੈਲੀ ਲਈ ਪੈਸੇ ਇਕੱਠੇ ਕਰਨ ਦਾ ਵੀ ਜ਼ਿਕਰ
ਲੁਧਿਆਣਾ : ਅਨਾਜ ਢੋਆ-ਢੁਆਈ ਟੈਂਡਰ ਘੁਟਾਲੇ ਵਿਚ ਘਿਰੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵਧਦੀਆਂ ਰਹੀਆਂ ਹਨ। ਵਿਜੀਲੈਂਸ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। 2020 'ਚ ਹੋਈ ਕਣਕ ਖ਼ਰੀਦ ਦੇ ਤਾਰ ਵੀ ਇਸ ਘਪਲੇ ਨਾਲ ਜੁੜ ਰਹੇ ਹਨ। ਵਿਜੀਲੈਂਸ ਨੇ ਹੁਣ 2020 'ਚ ਹੋਈ ਕਣਕ ਖ਼ਰੀਦ ਨੂੰ ਵੀ ਇਸੇ ਮਾਮਲੇ ਨਾਲ ਜੋੜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਨੂੰ ਉਹ ਚੈਟ ਵੀ ਮੁਹੱਈਆ ਕਰਵਾ ਦਿੱਤੀ ਹੈ, ਜਿਸ 'ਚ ਪਨਸਪ ਦਾ ਇਕ ਅਧਿਕਾਰੀ ਦੂਜੇ ਵੱਡੇ ਅਧਿਕਾਰੀ ਨਾਲ ਮੈਸੇਜ ਕਰ ਰਿਹਾ ਹੈ। ਇਸ ਵਿਚ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਲਈ ਫੰਡ ਇਕੱਠਾ ਕਰਨ ਦੀ ਗੱਲ ਵੀ ਕਹੀ ਗਈ ਹੈ। ਇਸ ਚੈਟ ਨੂੰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਦੂਜੇ ਮਾਮਲਿਆਂ ਨੂੰ ਪੁਖਤਾ ਕਰਨ ਲਈ ਘੋਖ ਕੀਤੀ ਜਾ ਰਹੀ ਹੈ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੈਟ ਸਾਹਮਣੇ ਆਉਣ ਮਗਰੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ। ਅਨਾਜ ਢੁਆਈ ਘਪਲੇ ਦੀ ਸ਼ਿਕਾਇਤ ਕਰਨ ਵਾਲੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚੈਟ ਵਿਜੀਲੈਂਸ ਨੂੰ ਮੁਹੱਈਆ ਕਰਵਾਈ ਹੈ। ਅਨਾਜ ਢੁਆਈ ਦਾ ਘਪਲਾ ਬਹੁਤ ਛੋਟਾ ਹੈ, ਅਨਾਜ ਖਰੀਦਣ ਤੇ ਗੁਦਾਮਾਂ ਤੇ ਸ਼ੈਲਰਾਂ ਵਿਚ ਲਗਾਉਣ ਦਾ ਵੀ ਵੱਡਾ ਘਪਲਾ ਹੋਇਆ ਹੈ। ਦੂਜੇ ਪਾਸੇ ਇਸ ਮਾਮਲੇ 'ਚ ਵਿਜੀਲੈਂਸ ਵਿਭਾਗ ਨੇ ਲੁਧਿਆਣਾ ਨਗਰ ਨਿਗਮ ਤੇ ਸਾਰੀਆਂ ਤਹਿਸੀਲਾਂ ਦਾ ਰਿਕਾਰਡ ਤਲਬ ਕੀਤਾ ਹੈ। ਆਸ਼ੂ ਸਮੇਤ ਅੱਠ ਲੋਕਾਂ ਦੀ ਪ੍ਰਾਪਰਟੀ ਅਤੇ ਲਾਕਰਾਂ ਦੇ ਰਿਕਾਰਡ ਦੀਆਂ 109 ਫਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਾਈਲਾਂ ਵਿੱਚ ਕਰੋੜਾਂ ਰੁਪਏ ਦੀ ਪ੍ਰਾਪਰਟੀ ਤੇ ਬੈਂਕ ਲਾਕਰ ਦੀ ਜਾਣਕਾਰੀ ਭਾਰਤ ਭੂਸ਼ਣ ਆਸ਼ੂ ਦਾ ਪੀਏ ਇੰਦਰਜੀਤ ਇੰਦੀ ਦੀਆਂ ਤਿੰਨ ਪ੍ਰਾਪਰਟੀਆਂ ਦਾ ਰਿਕਾਰਡ ਮਿਲਿਆ। ਸੂਤਰਾਂ ਤੋਂ ਪਤਾ ਲੱਗਿਆ ਕਿ ਭਾਰਤ ਭੂਸ਼ਣ ਆਸ਼ੂ ਦਾ ਸਭ ਤੋਂ ਕਰੀਬੀ ਪੀਏ ਮੁਲਜ਼ਮ ਮੀਨੂ ਮਲਹੋਤਰਾ ਤੇ ਇੰਪਰੂਵਮੈਂਟ ਟਰੱਸਟ ਮਾਮਲੇ ਦੇ ਮੁਲਜ਼ਮ ਬਾਲਾਸੁਬਰਾਮਣੀਅਮ ਸਾਬਕਾ ਚੇਅਰਮੈਨ ਦੀ ਲੁਕੇਸ਼ਨ ਛੱਤੀਸਗੜ੍ਹ ਦੇ ਇਕ ਕਾਂਗਰਸੀ ਲੀਡਰ ਦੇ ਫਾਰਮ ਹਾਊਸ ਦੀ ਮਿਲੀ ਹੈ। ਉਸ ਤੋਂ ਬਾਅਦ ਲੋਕੇਸ਼ਨ ਅਪਡੇਟ ਨਹੀਂ ਹੋਈ ਇਹ ਵੀ ਪਤਾ ਚੱਲਿਆ ਕਿ 15 ਦਿਨ ਪਹਿਲੇ ਤੱਕ ਸਾਬਕਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਸੁਬਰਾਮਣੀਅਮ ਦੀ ਲੋਕੇਸ਼ਨ ਰਾਜਸਥਾਨ ਦੇ ਇਹੀ ਲੀਡਰ ਦੇ ਦੂਸਰੇ ਫਾਰਮ ਹਾਊਸ ਦੀ ਸੀ। ਵਿਜੀਲੈਂਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਆਸ਼ੂ ਮੀਨੂ ਇੰਦਰਜੀਤ ਇੰਦੀ ਮੇਅਰ ਬਲਕਾਰ ਸੰਧੂ ਮਨਪ੍ਰੀਤ ਸਿੰਘ ਈਸੇਵਾਲ ਅਤੇ ਸੰਨੀ ਭੱਲਾ ਦੀ 89 ਪ੍ਰਾਪਰਟੀਆਂ ਦਾ ਰਿਕਾਰਡ ਇਕੱਠਾ ਕੀਤਾ ਹੈ ਇਸ ਤੋਂ ਇਲਾਵਾ ਵੀ ਬੈਂਕਾਂ ਦੇ ਲਾਕਰ ਵੀ ਸ਼ਾਮਲ ਹਨ। -PTC News ਇਹ ਪੜ੍ਹੋ : DGP ਦੇ ਅਹੁਦੇ ਨੂੰ ਲੈ ਕੇ ਭੰਬਲਭੂਸਾ ਹੋਇਆ ਖ਼ਤਮ, ਗੌਰਵ ਯਾਦਵ ਬਣੇ ਰਹਿਣਗੇ ਡੀਜੀਪੀ !