ਅਧਿਆਪਕ ਦਿਵਸ ਮੌਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਫਿਲੌਰ: ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅਧਿਆਪਕਾਂ ਨੇ ਅਧਿਆਪਕ ਦਿਵਸ ਮੌਕੇ ਅੱਜ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਬਲਾਕਾਂ ਤੇ ਸੈਂਕੜੇ ਸਕੂਲਾਂ ਵਿੱਚ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਜੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ। ਅਧਿਆਪਕਾਂ ਨੇ ਰੋਹ ਵਿੱਚ ਆ ਕੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜੀ ਕਰ ਕੇ ਜੰਮ ਕੇ ਭੜਾਸ ਕੱਢੀ। ਇਸ ਸਮੇਂ ਵੱਖ-ਵੱਖ ਥਾਵਾਂ ਤੇ ਰੋਸ ਪਰਦਰਸ਼ਨਾ ਦੀ ਅਗਵਾਈ ਜਿਲ੍ਹਾ ਕਨਵੀਨਰਾਂ ਕਰਨੈਲ ਫਿਲੌਰ,ਨਵਪ੍ਰੀਤ ਬੱਲੀ, ਕੁਲਵਿੰਦਰ ਸਿੰਘ ਜੋਸ਼ਨ, ਹਰਕੰਵਲ ਸਿੰਘ,ਹਰਬੰਸ ਲਾਲ, ਕੁਲਦੀਪ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਇਸ ਸਮੇਂ ਆਗੂਆਂ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਲਾ ਕੇ ਹੋਂਦ ਵਿੱਚ ਆਈ ਆਮ ਆਦਮੀ ਦੀ ਸਰਕਾਰ ਨੇ ਆਪਣੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਨਾਲ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਵੀ ਮਾਤ ਦੇ ਦਿੱਤੀ ਹੈ।
ਪਿਛਲੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਨਵੇਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੋਰਚੇ ਦੀਆਂ ਕਈ ਮੀਟਿੰਗਾਂ ਦਾ ਦੌਰ ਚੱਲ ਚੁੱਕਾ ਹੈ ਪ੍ਰੰਤੂ ਅਧਿਆਪਕਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਸਗੋਂ ਅਧਿਆਪਕ ਵਿਰੋਧੀ ਨਿੱਤ ਨਵੇਂ ਫੁਰਮਾਨ ਜਾਰੀ ਹੋ ਰਹੇ ਹਨ।ਇਸ ਸਰਕਾਰ ਨੇ ਅਧਿਆਪਕਾਂ ਦੀਆਂ ਤਰੱਕੀਆਂ ਲੈਣ ਸਮੇਂ ਇੱਕ ਹੋਰ ਵਿਭਾਗੀ ਟੈਸਟ ਥੋਪ ਕੇ ਆਪਣੀ ਅਕਲ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ।
ਇਸ ਸਮੇਂ ਆਗੂਆਂ ਨੇ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ਼ ਕਰਨ, ਸੈਕੰਡਰੀ ਵਿਭਾਗ ਦੀਆਂ ਬਦਲੀਆਂ ਦੀ ਲਿਸਟ ਮੋਰਚੇ ਦੇ ਸੁਝਾਵਾਂ ਅਨੁਸਾਰ ਜਾਰੀ ਕਰਵਾਉਣ ਤੇ ਪੁਰਾਣੀਆਂ ਬਦਲੀਆਂ ਨੂੰ ਲਾਗੂ ਕਰਾਉਣ, ਵਿਕਟੇਮਾਈਜ਼ੇਸ਼ਨ ਰੱਦ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਚ ਮਰਜ ਕਰਨ, 180 ਅਧਿਆਪਕਾਂ ਦਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਨ, ਵੱਖ ਵੱਖ ਭਰਤੀਆਂ ਵਿੱਚ ਰਹਿੰਦੇ ਅਧਿਆਪਕਾਂ ਨੂੰ ਪੱਕਾ ਕਰਨ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਕੱਟੇ ਹੋਏ ਭੱਤੇ ਲਾਗੂ ਕਰਨ,ਹਰ ਪ੍ਰਕਾਰ ਦੇ ਗੈਰ ਵਿੱਦਿਅਕ ਕੰਮਾਂ ਨੂੰ ਬੰਦ ਕਰਵਾਉਣ ਲਈ,ਸਿੱਖਿਆ ਬੋਰਡ ਦੀ ਵਿਦਿਅਰਥੀਆਂ ਦੀ ਕੀਤੀ ਜਾ ਰਹੀ ਅੰਨੀ ਲੁੱਟ ਬੰਦ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਏ ਬਿਨਾਂ ਮੋਰਚਾ ਅਰਾਮ ਨਾਲ ਨਹੀਂ ਬੈਠੇਗਾ। ਇਸ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਮੰਗਾਂ ਨਾ ਹੱਲ ਹੋਣ ਤੇ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਦੀ ਸ਼ਖਤ ਚਿਤਾਵਨੀ ਵੀ ਦਿੱਤੀ ਗਈ।
ਇਹ ਵੀ ਪੜ੍ਹੋ: ਜ਼ਜਬੇ ਨੂੰ ਸਲਾਮ! ਇਨਸਾਨੀਅਤ ਦੀ ਮਿਸਾਲ ਬਣਿਆ ਬਠਿੰਡਾ ਦਾ ਇਹ ਆਟੋ ਚਾਲਕ, ਜਾਣੋ ਇਸਦੀ ਕਹਾਣੀ
ਆਗੂਆਂ ਨੇ ਇਸ ਮੌਕੇ ਸਮੂਹ ਪੰਜਾਬ ਦੇ ਅਧਿਆਪਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ.ਕੁਲਦੀਪ ਵਾਲੀਆ, ਬਲਵਿੰਦਰ ਸਿੰਘ ਕਾਲੜਾ, ਬਲਜੀਤ ਸਿੰਘ ਕੁਲਾਰ, ਜਸਵੀਰ ਸਿੰਘ ਸੰਧੂ, ਨਿਰਮੋਲਕ ਸਿੰਘ ਹੀਰਾ, ਬੂਟਾ ਰਾਮ ਮਸਾਣੀ, ਸੂਰਤੀ ਲਾਲ ਭੋਗਪੁਰ, ਸੁਖਵਿੰਦਰ ਸਿੰਘ ਮੱਕੜ, ਮੁਲਖ਼ ਰਾਜ, ਜਤਿੰਦਰ ਸਿੰਘ, ਵਿਨੋਦ ਭੱਟੀ,ਜੀਵਨ ਲਾਲ,ਦੀਪਕ ਕੁਮਾਰ ਅਰੋੜਾ, ਅਨਿਲ ਕੁਮਾਰ, ਜਗਦੀਸ਼ ਕੁਮਾਰ,ਵਿਜੇ ਪਾਲ ਸਿੰਘ,ਸੋਹਨ ਜਰਿਆਲ ਆਦਿ ਸਾਮਿਲ ਸਨ।
-PTC News