ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਮੰਗਾਂ ਨੂੰ ਲੈ ਕੇ 20 ਜੂਨ ਨੂੰ ਮੁੱਖ ਮੰਤਰੀ ਮਾਨ ਦੇ ਘਰ ਦਾ ਕਰਨਗੇ ਘਿਰਾਓ
ਚੰਡੀਗੜ੍ਹ: ਕੱਲ੍ਹ ਦੇਰ ਸ਼ਾਮ ਨੂੰ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਯੂਨੀਅਨ ਨੇ 2018 ਦੇ ਨੋਟੀਫ਼ਿਕੇਸ਼ਨ ਤਹਿਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 20 ਜੂਨ ਨੂੰ ਪਰਿਵਾਰਾਂ ਸਮੇਤ ਕਾਲੇ ਚੋਲੇ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਵਿਖੇ ਸਥਿਤ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ । ਲੰਮੇ ਸਮੇਂ ਤੱਕ ਚੱਲੀ ਇਸ ਮੀਟਿੰਗ ਵਿੱਚ ਇਸ ਗੱਲ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਸਾਲ 2018 ਦੇ ਐਸ.ਐਸ.ਏ., ਰਮਸਾ ਦੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਬਣਾਈ ਪਾਲਿਸੀ ਅਧੀਨ ਆਪਸ਼ਨ ਕਲਿੱਕ ਕਰਵਾ ਕੇ ਵੀ ਰੈਗੂਲਰ ਨਾ ਕਰਕੇ ਸ਼ਰੇਆਮ ਧੱਕਾ ਕੀਤਾ ਗਿਆ ਤੇ ਹੁਣ ਉਸ ਪਾਲਿਸੀ ਅਧੀਨ ਰੈਗੂਲਰ ਹੋਣ ਲਈ ਨੋਟੀਫਿਕੇਸ਼ਨ ਜਾਰੀ ਕਰਵਾਉਣ ਤੱਕ ਸੰਘਰਸ਼ ਕਰਨਗੇ । ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਮੰਗ ਨੂੰ ਜਾਇਜ਼ ਦੱਸਿਆ ਸੀ।ਮੌਜੂਦਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਵੋਟਾਂ ਤੋਂ ਪਹਿਲਾਂ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਸਿੱਖਿਆ ਵਿਭਾਗ ‘ਚ ਰੈਗੂਲਰ ਦੀ ਕਰਨ ਦੀ ਮੰਗ ਨੂੰ ਜਾਇਜ ਦੱਸਿਆ ਸੀ। ਪਰ ਹੁਣ ਮੌਜੂਦਾ ਸਿੱਖਿਆ ਮੰਤਰੀ ਨੂੰ ਦੋ ਵਾਰ ਇਹਨਾਂ ਸਕੂਲਾਂ ਦੇ ਅਧਿਆਪਕ ਮਿਲੇ ਉਹਨਾਂ ਨੇ ਕਿਹਾ ਕਿ ਮੈਰੀਟੋਰੀਅਸ ਸਕੂਲ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ‘ਚ ਰੈਗੂਲਰ ਜਲਦ ਕੀਤਾ ਜਾਵੇ ਗਾ ਪਰ ਸਰਕਾਰ ਲਾਰਾ ਲਾਊ ਨੀਤੀ ਨਾਲ ਸਮਾਂ ਲੰਘਾ ਰਹੀ ਹੈ। ਪਿੱਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੇ ਦਿੱਲੀ ਦੇ ਸਕੂਲਾਂ ਦਾ ਜਦੋਂ ਦੌਰਾ ਕੀਤਾ ਤਾਂ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦਾ ਵਿਸ਼ੇਸ਼ ਤੌਰ ‘ਤੇ ਜਿਕਰ ਕੀਤਾ ਪਰ ਇਹਨਾਂ ਸਕੂਲਾਂ ਦੇ ਅਧਿਆਪਕ ਜੋ ਕਿ ਪਿੱਛਲੇ ਅੱਠ ਸਾਲ ਤੋਂ ਕੱਚੀ ਨੌਕਰੀ ਦਾ ਸੰਤਾਪ ਹੰਢਾ ਰਹੇ ਹਨ। ਮੌਜੂਦਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਮੈਰੀਟੋਰੀਅਸ ਸਕੂਲ ਬਠਿੰਡਾ ਦਾ ਦੌਰਾ ਕੀਤਾ ਤਾਂ ਉਹਨਾਂ ਮੰਨਿਆ ਹੈ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਮੰਗ ਬਿਲਕੁੱਲ ਜਾਇਜ਼ ਹੈ ਪਰ ਅਜੇ ਤੱਕ ਇਸ ਉਪਰ ਕੋਈ ਅਮਲ ਨਹੀਂ ਹੋਇਆ । ਮੁੱਖ ਮੰਤਰੀ ਪੰਜਾਬ ਵੱਲੋਂ ਵੀ ਅਹੁਦਾ ਸੰਭਾਲਦਿਆਂ ਹੀ ਇਹ ਵਾਅਦਾ ਕੀਤਾ ਗਿਆ ਸੀ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਉਹ ਸਿੱਖਿਆ ਅਤੇ ਸਿਹਤ ਦੋਹਾਂ ਵੱਲ ਖ਼ਾਸ ਧਿਆਨ ਦੇਣਗੇ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਅਧਿਆਪਕ ਵਰਗ ਸੜਕਾਂ ਤੇ ਰੁਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਪੰਜਾਬ ਦੇ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਸਾਲ 2014 ਵਿੱਚ ਖੋਲ੍ਹੇ ਗਏ ਮੈਰੀਟੋਰੀਅਸ ਸਕੂਲਾਂ ਦੀ ਗਿਣਤੀ 10 ਹੈ , ਜਿਹਨਾਂ ਵਿੱਚ ਐੱਮ.ਫ਼ਿਲ, ਯੂ.ਜੀ.ਸੀ. ਨੈੱਟ, ਪੀ.ਐੱਚ.ਡੀ. ਪਾਸ ਲੱਗਭੱਗ 260 ਦੇ ਕਰੀਬ ਅਧਿਆਪਕ ਪਿਛਲੇ ਸੱਤ ਸਾਲਾਂ ਤੋਂ ਠੇਕੇ ਦੀ ਨੌਕਰੀ ਕਰ ਰਹੇ ਹਨ । ਇੱਥੇ ਇਹ ਦੱਸਣਯੋਗ ਹੈ ਕਿ ਸਾਲ 2018 ਵਿੱਚ ਪੰਜਾਬ ਸਰਕਾਰ ਵੱਲੋਂ ਐਸ.ਐਸ.ਏ./ਰਮਸਾ ਦੇ ਅਧਿਆਪਕਾਂ ਨੂੰ ਇੱਕ ਪਾਲਿਸੀ ਬਣਾ ਕੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਸੀ , ਇਸ ਪਾਲਿਸੀ ਅਧੀਨ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਆਪਸ਼ਨ ਕਲਿੱਕ ਕਰਨ ਦਾ ਵਿਕਲਪ ਦਿੱਤਾ ਗਿਆ ਸੀ । ਜਿਸਨੂੰ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ ਸਵੀਕਾਰ ਕਰਕੇ ਇਸ ਪ੍ਰਤੀ ਹਾਮੀ ਭਰੀ ਸੀ ਕਿ ਸਾਡੀ ਤਨਖਾਹ ਘਟਾ ਲਈ ਜਾਵੇ ਪਰ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ 2018 ਦੀ ਇਸ ਪਾਲਿਸੀ ਤਹਿਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ ਗਿਆ ,ਜਦਕਿ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕ ਸਿੱਖਿਆ ਵਿਭਾਗ ਦੀ ਸਭ ਤੋਂ ਔਖੀ ਭਰਤੀ ਪ੍ਰਕਿਰਿਆ ਵਿੱਚੋਂ ਗੁਜ਼ਰ ਕੇ ਭਰਤੀ ਕੀਤੇ ਗਏ ਹਨ। ਯੂਨੀਅਨ ਦੇ ਮੀਤ ਪ੍ਰਧਾਨ ਅਮਰੀਸ਼ ਸ਼ਰਮਾ ਨੇ ਦੱਸਿਆ ਕਿ ਜਦੋਂ 2018 ਵਿੱਚ ਇੱਕ ਪਾਲਿਸੀ ਬਣਾ ਕੇ SSA/RMSA ਦੇ ਅਧਿਆਪਕ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਗਏ ਸਨ । ਪੰਜਾਬ ਸਰਕਾਰ ਵੱਲੋਂ ਇਸ ਪਾਲਿਸੀ ਤਹਿਤ 8886 ਅਧਿਆਪਕਾਂ ਨੂੰ ਤਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਪਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਠੇਕੇ ਦੀ ਨੌਕਰੀ ਉੱਪਰ ਹੀ ਰੁਲਣ ਦੇ ਲਈ ਛੱਡ ਦਿੱਤਾ ਗਿਆ । ਯੂਨੀਅਨ ਦੇ ਮੁੱਖ ਬੁਲਾਰੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਇਹ ਵਾਅਦਾ ਕੀਤਾ ਸੀ ਕਿ ਸਾਰੇ ਅਧਿਆਪਕ ਕੱਚੇ ਪੱਕੇ ਕੀਤੇ ਜਾਣਗੇ ਅਜੇ ਤੱਕ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ‘ਚ ਰੈਗੂਲਰ ਕਰਨ ਸਬੰਧੀ ਵਿਭਾਗੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ। ਸੋ ਹੁਣ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਪੰਜਾਬ ਨੇ ਫੈਸਲਾ ਕੀਤਾ ਹੈ ਕਿ 20 ਜੂਨ ਨੂੰ ਕਾਲੇ ਚੋਲੇ ਪਾ ਕੇ ਅਤੇ ਬਸੰਤੀ ਰੰਗ ਦੀਆਂ ਚੁੰਨੀਆਂ ਤੇ ਪੱਗਾਂ ਬੰਨ ਕੇ ਮੁੱਖ ਮੰਤਰੀ ਦੇ ਸੰਗਰੂਰ ਸਥਿਤ ਘਰ ਦਾ ਘਿਰਾਓ ਕਰਨਗੇ ਅਤੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੂੰ ਇਹ ਦੱਸਣ ਗੇ ਕਿ ਇਹ ਬਸੰਤੀ ਰੰਗ ਤੇ ਕਾਲੇ ਚੋਲੇ ਪਾਕੇ ਆਏ ਅਧਿਆਪਕ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਹਨ ਜੋ ਕਿ ਸਭ ਤੋੰ ਔਖੀ ਭਰਤੀ ਪ੍ਰਕਿਰਿਆ ਪਾਸ ਕਰਕੇ ਵੀ ਸੜ੍ਹਕਾਂ ਤੇ ਰੁੱਲ ਰਹੇ ਹਨ । ਮੁੱਖ ਮੰਤਰੀ ਨੂੰ 2018 ਦੇ ਨੋਟੀਫਿਕੇਸ਼ਨ ਦਾ ਜਵਾਬ ਪੁੱਛਣਗੇ ਤੇ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਬੇਨਤੀ ਕਰਨਗੇ ।ਸਰਕਾਰ ਦੇ ਮੰਤਰੀ ਵਾਰ ਵਾਰ ਇਹ ਕਹਿ ਚੁੱਕੇ ਹਨ ਕਿ ਪਾਰਦਰਸ਼ੀ ਅਤੇ ਨਿਯਮਾਂ ਤਹਿਤ ਭਰਤੀ ਹੋਏ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਣਾ ਬਣਦਾ ਹੈ । ਯੂਨੀਅਨ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਹਿਮਾਚਲ ਜਾ ਕੇ ਆਏ ਨੇ ਤੇ ਉੱਥੇ ਅਧਿਆਪਕਾਂ ਤੇ ਮਾਪਿਆਂ ਨਾਲ ਗੱਲ ਕੀਤੀ ਹੈ ਪਰ ਪੰਜਾਬ ਵਿੱਚ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਪਿੱਛਲੇ ਅੱਠ ਸਾਲਾਂ ਤੋਂ ਕੱਚੀ ਨੌਕਰੀ ਦਾ ਸੰਤਾਪ ਹੰਢਾ ਰਹੇ ਹਨ ਪਰ ਪੰਜਾਬ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ। ਯੂਨੀਅਨ ਦੀ ਇਸ ਮੀਟਿੰਗ ਵਿੱਚ ਕੁਲਵਿੰਦਰ ਸਿੰਘ ਬਾਠ, ਪ੍ਰੈਸ ਸਕੱਤਰ ਗੁਰਦੀਪ ਸਿੰਘ ,ਮੀਤ ਪ੍ਰਧਾਨ ਪ੍ਰਭਜੋਤ ਕੌਰ ਮੀਤ ਪ੍ਰਧਾਨ ਸਾਕਸ਼ੀ ਸਹਿਗਲ, ਮੀਤ ਪ੍ਰਧਾਨ ਜਗਬੀਰ ਸਿੰਘ,ਮੁੱਖ ਬੁਲਾਰਾ ਹਰਪ੍ਰੀਤ ਸਿੰਘ,ਜਥੇਬੰਦਕ ਸਕੱਤਰ ਸੀਮਾ ਰਾਣੀ,ਸੰਯੁਕਤ ਸਕੱਤਰ ਵਿਪਨੀਤ ਕੌਰ ,ਸਹਾਇਕ ਸਕੱਤਰ ਵਿਕਾਸ ਪੁਰੀ, ਅੰਮ੍ਰਿਤਾ ਸਿੰਘ ਨੇ ਭਾਗ ਲਿਆ । ਇਹ ਵੀ ਪੜ੍ਹੋ:ਰਾਜਾ ਵੜਿੰਗ ਸਣੇ ਸਮੂਹ ਲੀਡਰਸ਼ਿਪ ਵੱਲੋਂ ਜਲੰਧਰ ED ਦਫ਼ਤਰ ਦਾ ਘਿਰਾਓ -PTC News