ਪੰਜਾਬ ਦੇ Tax Payers ਕਰ ਰਹੇ ਗੁਜਰਾਤੀ Ads ਦਾ ਭੁਗਤਾਨ? RTI ਕਾਰਕੁੰਨ ਵੱਲੋਂ ਵੱਡਾ ਖ਼ੁਲਾਸਾ
ਚੰਡੀਗੜ੍ਹ, 5 ਅਕਤੂਬਰ: ਪੰਜਾਬ ਤੋਂ ਨਾਮੀ RTI ਕਾਰਕੁੰਨ ਮਾਨਿਕ ਗੋਇਲ ਜੋ ਆਪਣੇ ਵੱਲੋਂ ਦਾਖ਼ਲ RTIs ਦੇ ਬਲਬੂਤੇ ਵੱਡੇ ਵੱਡੇ ਖੁਲਾਸੇ ਕਰਦੇ ਰਹਿੰਦੇ ਨੇ, ਮੁੜ ਤੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਨਾਲ ਪੰਜਾਬ 'ਚ ਟੈਕਸ ਭਰਨ ਵਾਲੇ ਲੋਕ ਹੈਰਾਨ ਰਹਿ ਜਾਣਗੇ। ਮਾਨਿਕ ਦਾ ਕਹਿਣਾ ਕਿ ਪੰਜਾਬ ਵਾਸੀਆਂ ਦੇ ਪੈਸੇ ਨਾਲ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਪ੍ਰਚਾਰ ਗੁਜਰਾਤ ਵਿੱਚ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਾਲ ਦੇ ਆਖਰੀ ਮਹੀਨੇ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਲਈ 'ਆਪ' ਪਾਰਟੀ ਵੱਲੋਂ ਵੱਡੇ ਪੱਧਰ 'ਤੇ ਪ੍ਰਚਾਰ ਅਭਿਆਨ ਚਲਾਇਆ ਜਾ ਰਿਹਾ ਹੈ। ਕਾਰਕੁੰਨ ਦਾ ਕਹਿਣਾ ਕਿ ਪਹਿਲਾਂ ਵੀ ਇਹ ਦੇਖਿਆ ਜਾ ਚੁੱਕਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਖਜਾਨੇ ਦਾ ਹਰ ਰੋਜ਼ ਕਰੋੜਾਂ ਰੁਪਿਆ ਮੀਡੀਆ ਇਸ਼ਤਿਹਾਰਾਂ ਦੇ ਰੂਪ ਵਿੱਚ ਲੁਟਾ ਰਹੀ ਹੈ। ਉਸੀ ਕੜੀ ਵਿੱਚ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਹੈ। ਮਾਨਿਕ ਦਾ ਕਹਿਣਾ ਕਿ ਆਮ ਆਦਮੀ ਪਾਰਟੀ Google ਅਤੇ Youtube ਦੇ ਇਸ਼ਤਿਹਾਰਾ ਰਾਂਹੀ ਦਿੱਲੀ ਦੇ ਸਕੂਲਾਂ ਦਾ ਪ੍ਰਚਾਰ ਗੁਜਰਾਤ ਵਿੱਚ ਕਰ ਰਹੀ ਹੈ। ਇਸ ਬਾਬਤ ਉਨ੍ਹਾਂ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਇਨ੍ਹਾਂ ਇਸਤਿਹਾਰਾਂ 'ਚ ਦਿੱਲੀ ਦੇ ਸਕੂਲਾਂ ਦਾ ਪ੍ਰਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾ ਰਿਹਾ ਹੈ, ਮਾਨ ਹਿੰਦੀ 'ਚ ਬੋਲ ਰਹੇ ਨੇ 'ਤੇ ਨਾਲ ਨਾਲ ਉਨ੍ਹਾਂ ਦੀ ਗੱਲ ਦਾ ਅਨੁਵਾਦ ਗੁਜਰਾਤੀ ਭਾਸ਼ਾ ਵਿੱਚ ਹੇਠ ਲਿਖੇ ਸਬ-ਟਾਈਟਲਸ ਰਾਹੀਂ ਕੀਤਾ ਜਾ ਰਿਹਾ ਤਾਂ ਜੋ ਗੁਜਰਾਤ ਵਾਸੀਆਂ ਨੂੰ ਸਮਝਣਾ ਸੁਖਾਲਾ ਹੋ ਸਕੇ। ਇਹ ਵੀ ਪੜ੍ਹੋ: ਪੰਜਾਬ 'ਚ RTI ਨੂੰ ਖ਼ਤਮ ਕਰਨ ਤੇ ਤੁਲੀ AAP ਸਰਕਾਰ - ਮਾਨਿਕ ਗੋਇਲ ਮਾਨਿਕ ਦਾ ਕਹਿਣਾ ਕਿ ਹਰ ਰੋਜ਼ ਪੰਜਾਬ ਦਾ ਲੱਖਾਂ ਰੁਪਿਆ ਇਨ੍ਹਾਂ ਇੰਟਰਨੈੱਟ ਇਸ਼ਤਿਹਾਰਾਂ 'ਤੇ ਲਗਾਇਆ ਜਾ ਰਿਹਾ ਤਾਂ ਕਿ ਗੁਜਰਾਤ ਵਿੱਚ ਵੋਟਾਂ ਲਈਆਂ ਜਾ ਸਕਣ। RTI ਕਾਰਕੁੰਨ ਦਾ ਕਹਿਣਾ, "ਰਾਜਨੀਤੀ ਵਿੱਚ ਐਨੀ ਗਿਰਾਵਟ ਕਦੇ ਨਹੀਂ ਆਈ ਜਿੱਥੇ ਇੱਕ ਸੂਬੇ ਦੇ ਪੈਸੇ, ਦੂਜੇ ਸੂਬੇ ਦੀ ਮਸ਼ਹੂਰੀ ਕਰਨ ਲਈ ਵਰਤੇ ਜਾ ਰਹੇ ਹਨ ਤਾਂ ਕਿ ਤੀਜੇ ਸੂਬੇ ਵਿੱਚ ਵੋਟਾਂ ਲਈਆਂ ਜਾ ਸਕਣ।" ਅੰਤ ਵਿੱਚ ਗੋਇਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਕਿ ਕੀ ਉਹ ਪੰਜਾਬ ਦੇ ਲੋਕਾਂ ਨਾਲ ਹੋ ਰਹੀ ਇਸ ਲੁੱਟ ਨੂੰ ਦੇਖ ਰਹੇ ਹਨ। ਇਸ ਉੱਤੇ ਫ਼ਿਲਹਾਲ ਸੂਬਾ ਸਰਕਾਰ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਹੈ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News