ਤਰਨਤਾਰਨ ਦੇ ਪਿੰਡ ਘਰਿਆਲਾ ਵਿਖੇ ਦਿਨ ਦਿਹਾੜੇ ਨੌਜਵਾਨ 'ਤੇ ਸ਼ਰੇਆਮ ਚੱਲੀ ਗੋਲੀ ,ਦਹਿਸ਼ਤ ਦਾ ਮਾਹੌਲ
ਤਰਨਤਾਰਨ ਦੇ ਪਿੰਡ ਘਰਿਆਲਾ ਵਿਖੇ ਦਿਨ ਦਿਹਾੜੇ ਨੌਜਵਾਨ 'ਤੇ ਸ਼ਰੇਆਮ ਚੱਲੀ ਗੋਲੀ ,ਦਹਿਸ਼ਤ ਦਾ ਮਾਹੌਲ:ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਨੇੜੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ।ਜਾਣਕਾਰੀ ਅਨੁਸਾਰ ਪਿੰਡ ਘਰਿਆਲਾ ਦੇ ਰੇਲਵੇ ਸਟੇਸ਼ਨ ਸਾਹਮਣੇ ਬਜ਼ਾਰ ਵਿੱਚ ਸਵਿਫ਼ਟ ਕਾਰ ਨੌਜਵਾਨਾਂ ਨੇ ਦਿਨ ਦਿਹਾੜੇ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ ਹਨ।ਇਸ ਵਾਰਦਾਤ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਘਰਿਆਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ,ਜਿੱਥੇ ਕਿ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ।ਜਾਣਕਾਰੀ ਅਨੁਸਾਰ ਨੌਜਵਾਨ ਯੋਧਬੀਰ ਸਿੰਘ ਕੁੱਝ ਸਾਮਾਨ ਖਰੀਦਣ ਲਈ ਘਰਿਆਲਾ ਦੇ ਮੇਨ ਬਾਜ਼ਾਰ ਵਿੱਚ ਆਇਆ ਹੋਇਆ ਸੀ।ਜਦ ਉਹ ਇੱਕ ਸਬਜ਼ੀ ਵਾਲੀ ਦੁਕਾਨ 'ਤੇ ਕੁਝ ਸਮਾਨ ਖਰੀਦਣ ਲੱਗਾ ਤਾਂ ਇੱਕ ਮਰੂਤੀ ਗੱਡੀ ਆਈ, ਜਿਸ ਵਿੱਚੋਂ ਕੁਝ ਵਿਅਕਤੀਆਂ ਨੇ ਉਤਰਦਿਆਂ ਸਾਰ ਹੀ ਯੋਧਬੀਰ ਸਿੰਘ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ,ਜਿਨ੍ਹਾਂ ਵਿੱਚੋਂ ਦੋ ਗੋਲੀਆਂ ਯੋਧਬੀਰ ਸਿੰਘ ਦੇ ਸੱਜੀ ਲੱਤ ਵਿੱਚ ਵੱਜੀਆਂ, ਜਿਸ ਕਾਰਨ ਯੋਧਬੀਰ ਸਿੰਘ ਗ਼ੰਭੀਰ ਜ਼ਖਮੀ ਹੋ ਗਿਆ ਅਤੇ ਹਮਲਾਵਰ ਮੌਕੇ ਨੂੰ ਦੇਖਦੇ ਹੋਏ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ ਹਨ।
ਦੱਸ ਦੇਈਏ ਕਿ ਸ਼ਰੇਆਮ ਬਾਜ਼ਾਰ ਵਿੱਚ ਇਸ ਗੋਲੀ ਕਾਂਡ ਨਾਲ ਜਿੱਥੇ ਪੂਰੇ ਬਾਜ਼ਾਰ ਵਿੱਚ ਅਤੇ ਪਿੰਡ ਘਰਿਆਲਾ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ,ਉਥੇ ਹੀ ਸਥਾਨਕ ਲੋਕਾਂ ਵੱਲੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਇਸ ਮੌਕੇ 'ਤੇ ਪੁੱਜੇ ਥਾਣਾ ਸਦਰ ਪੱਟੀ ਦੇ ਐੱਸ.ਐਚ.ਓ.ਬਲਕਾਰ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਕਤ ਦੋਸ਼ੀ ਵਿਅਕਤੀ ਪੁਲਿਸ ਦੀ ਪਕੜ ਵਿੱਚ ਹੋਣਗੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀਂ ਕਰਨ ਦਿੱਤਾ ਜਾਵੇਗਾ।
-PTCNews