ਟੈਗੋਰ ਹਸਪਤਾਲ ਵੱਲੋਂ ਕੋਵਿਡ ਟੈਸਟਾਂ ਦੀ ਵਾਧੂ ਵਸੂਲੀ ਰਕਮ ਵਾਪਿਸ ਕਰਨ ਦੇ ਹੁਕਮ
ਟੈਗੋਰ ਹਸਪਤਾਲ ਵੱਲੋਂ ਆਰ.ਟੀ.-ਪੀ.ਸੀ.ਆਰ. ਕੋਵਿਡ ਟੈਸਟ ਲਈ 90 ਤੋਂ ਵੱਧ ਮਰੀਜ਼ਾਂ ਤੋਂ 150 ਰੁਪਏ ਵੱਧ ਵਸੂਲੇ ਗਏ ਸਨ, ਜੋ ਕਿ ਡਿਪਟੀ ਕਮਿਸ਼ਨਰ ਦੇ ਦਖ਼ਲ ਤੋਂ ਬਾਅਦ ਮਰੀਜ਼ਾਂ ਨੂੰ ਵਾਪਸ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ਹਸਪਤਾਲ ਪ੍ਰਬੰਧਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਖ-ਵੱਖ ਸੇਵਾਵਾਂ ਲਈ ਫੀਸ ਵਸੂਲਣ ਸੰਬੰਧੀ ਰਾਜ ਸਰਕਾਰ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ ਹੈ।
Also Read | COVID-19 India: PM Narendra Modi a ‘super-spreader’ of COVID-19, says IMA Vice President
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਇੱਕ ਨਾਗਰਿਕ ਦੁਆਰਾ ਕੀਤੀ ਸ਼ਿਕਾਇਤ ਕਿ ਟੈਗੋਰ ਹਸਪਤਾਲ ਵੱਲੋਂ ਕੋਵਿਡ -19 ਟੈਸਟ ਲਈ 600 ਰੁਪਏ ਵਸੂਲ ਕੀਤੇ ਗਏ ਹਨ ਜਦਕਿ ਸੂਬਾ ਸਰਕਾਰ ਵੱਲੋਂ ਟੈਸਟ ਲਈ 450 ਰੁਪਏ ਤੈਅ ਕੀਤੇ ਗਏ ਹਨ, ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਪਬਲਿਕ ਗਰੀਵਐਂਸ ਅਫ਼ਸਰ ਰਣਦੀਪ ਸਿੰਘ ਗਿੱਲ ਨੂੰ ਜਾਂਚ ਸੌਂਪੀ ਗਈ, ਜਿਨ੍ਹਾਂ ਵੱਲੋਂ ਮੈਨੇਜਮੈਂਟ ਨੂੰ ਅਗਲੇਰੀ ਜਾਂਚ ਲਈ ਤਲਬ ਕੀਤਾ ਗਿਆ ਸੀ।
ਡੀਸੀ ਨੇ ਕਿਹਾ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਹਸਪਤਾਲ ਵੱਲੋਂ ਸੈਂਪਲ ਇਕੱਠਾ ਕਰਨ ਦੇ ਖਰਚੇ ਵਜੋਂ ਮਰੀਜ਼ਾਂ ਤੋਂ ਗਲਤੀ ਨਾਲ 150 ਰੁਪਏ ਵੱਧ ਵਸੂਲ ਲਏ ਗਏ, ਜੋ ਉਨ੍ਹਾਂ ਵੱਲੋਂ 20 ਅਪ੍ਰੈਲ, 2021 ਤੋਂ ਬਾਅਦ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣ ਵਾਲੇ ਸਮੂਹ ਮਰੀਜ਼ਾਂ ਨੂੰ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਸਮੇਂ ਦੌਰਾਨ 90 ਤੋਂ ਵੱਧ ਮਰੀਜ਼ਾਂ ਵੱਲੋਂ ਟੈਸਟ ਲਈ 600 ਰੁਪਏ ਦਾ ਭੁਗਤਾਨ ਕੀਤਾ ਗਿਆ, ਜਿਨ੍ਹਾਂ ਨੂੰ ਵੱਧ ਵਸੂਲੀ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਸਪਤਾਲ ਪ੍ਰਬੰਧਨ ਨੂੰ ਆਰ.ਟੀ.-ਪੀ.ਸੀ.ਆਰ. ਟੈਸਟ ਅਤੇ ਹੋਰ ਕੋਵਿਡ -19 ਨਾਲ ਸਬੰਧਤ ਸੇਵਾਵਾਂ ਸਬੰਧੀ ਸਰਕਾਰੀ ਰੇਟ ਪ੍ਰਦਰਸ਼ਿਤ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਜੋ ਲੋਕ ਸਰਕਾਰੀ ਰੇਟਾਂ ਬਾਰੇ ਜਾਗਰੂਕ ਹੋ ਸਕਣ।