ਵੇਰਕਾ ਪਲਾਂਟ 'ਚ ਦੁੱਧ ਦੇ ਟੱਪ 'ਚ ਨੰਗੇ ਨਹਾਉਂਦੇ ਵਿਅਕਤੀ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ
ਲੁਧਿਆਣਾ, 7 ਮਈ: ਦੁੱਧ ਦੇ ਟੱਪ 'ਚ ਨਹਾਉਣ ਵਾਲੇ ਵਿਅਕਤੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ 'ਚ ਵੇਰਕਾ ਮਿਲਕ ਪਲਾਂਟ ਦੀ ਮੈਨੇਜਮੈਂਟ ਨੇ ਇੱਕ ਪੱਤਰਕਾਰ ਵਾਰਤਾ ਕੀਤੀ। ਜਿਸ ਵਿਚ ਉਨ੍ਹਾਂ ਕਿਹਾ ਕਿ ਇਹ ਵੀਡੀਓ ਟਰਕੀ ਦੀ ਹੈ ਅਤੇ ਦੋ ਸਾਲ ਪੁਰਾਣੀ ਹੈ, ਉਨ੍ਹਾਂ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਇਸ ਗੱਲ ਦੀ ਨਿਖੇਧੀ ਵੀ ਕੀਤੀ ਹੈ। ਇਸ ਮਾਮਲੇ ਵਿਚ ਲੁਧਿਆਣਾ ਦੇ ਸਥਾਨਕ ਵੇਰਕਾ ਮਿਲਕ ਪਲਾਂਟ ਦੀ ਮੈਨੇਜਮੈਂਟ ਨੇ ਆਪਣੇ ਮੁੱਖ ਦਫ਼ਤਰ 'ਚ ਪੱਤਰਕਾਰ ਵਾਰਤਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਦੁੱਧ ਦੇ ਟੱਪ ਵਿਚ ਨਹਾਉਂਦਾ ਦਿਖਾਈ ਦੇ ਰਿਹਾ ਹੈ। ਦੱਸ ਦੇਈਏ ਕਿ ਇਹ ਵੀਡੀਓ ਵੇਰਕਾ ਮਿਲਕ ਪਲਾਂਟ ਦੀ ਦੱਸੀ ਜਾ ਰਹੀ ਹੈ ਜਿਸਨੂੰ ਲੈ ਕੇ ਉਨ੍ਹਾਂ ਇਸ ਗੱਲ ਦਾ ਖ਼ੁਲਾਸਾ ਕੀਤਾ ਕਿ ਇਹ ਵੇਰਕਾ ਮਿਲਕ ਪਲਾਂਟ ਦੀ ਨਹੀਂ ਬਲਕਿ ਟਰਕੀ ਦੀ ਹੈ ਅਤੇ ਦੋ ਸਾਲ ਪੁਰਾਣੀ ਵੀਡੀਓ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਐਮ. ਰੁਪਿੰਦਰ ਸੇਖੋਂ ਨੇ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿਚ ਵੀਡੀਓ ਇੱਕ ਵਿਅਕਤੀ ਦੁੱਧ ਦੇ ਟੱਪ ਵਿਚ ਨਹਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਜਿਸਨੂੰ ਸੋਸ਼ਲ ਮੀਡੀਆ 'ਤੇ ਵੇਰਕਾ ਦੇ ਕਰਮਚਾਰੀ ਦਾ ਕਾਰਨਾਮਾ ਦੱਸਿਆ ਜਾ ਰਿਹਾ ਉਹ ਵੇਰਕਾ ਦੀ ਨਹੀਂ ਬਲਕਿ ਟਰਕੀ ਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਦੋ ਸਾਲ ਪੁਰਾਣੀ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਈਬਰ ਕਰਾਈਮ ਵੱਲੋਂ ਇਸ ਵੀਡੀਓ ਨੂੰ ਐਡਿਟ ਕਰ ਸਾਂਝੀ ਕਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਹਰਕਤ ਨਾਲ ਵੇਰਕਾ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਚੰਡੀਗੜ੍ਹ ਅਤੇ ਲੁਧਿਆਣਾ ਵਿਚ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਹ ਵੀ ਪੜ੍ਹੋ: ਆਪਣੀ ਲਾਹੇਵੰਦ ਗੁਣਵੱਤਾ ਕਰ ਕੇ ਹੁਣ ਅਮੀਰਾਂ ਦੇ ਘਰ ਦਾ ਸ਼ਿੰਗਾਰ ਬਣ ਰਹੇ ਮਿੱਟੀ ਦੇ ਭਾਂਡੇ ਦੱਸ ਦੇਈਏ ਕਿ ਵੇਰਕਾ ਦੇ ਇਸ ਡੇਅਰੀ ਉਦਯੋਗ ਨਾਲ ਹਜ਼ਾਰਾਂ ਕਿਸਾਨ ਭਰਾ ਜੁੜੇ ਹੋਏ ਨੇ, ਜਿਨ੍ਹਾਂ ਦੀ ਰੋਜ਼ੀ ਰੋਟੀ ਇੱਥੋਂ ਹੀ ਚਲਦੀ ਹੈ। ਸ਼ਰਾਰਤੀ ਅਨਸਰ ਦੀ ਇਸ ਹਰਕਤ ਨਾਲ ਨਾ ਸਿਰਫ਼ ਵੇਰਕਾ ਸਗੋਂ ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚ ਸਕਦਾ ਸੀ ਪਰ ਵੇਰਕਾ ਦੇ ਸਪਸ਼ਟੀਕਰਨ ਮਗਰੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਗਿਆ ਹੈ। -PTC News