ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਭ੍ਰਿਸ਼ਟਾਚਾਰ ਮਾਮਲੇ 'ਚ ਹੋ ਰਹੇ ਨੇ ਹੈਰਾਨੀਜਨਕ ਖ਼ੁਲਾਸੇ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਰਖਾਸਤ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਬਾਰੇ ਹੋਰ ਰੋਜ਼ ਹੈਰਾਨੀਜਨਕ ਖ਼ੁਲਾਸੇ ਹੋ ਰਹੇ ਹਨ। ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫ਼ਤਾਰ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਤੱਕ ਕਾਰੋਬਾਰੀ ਪ੍ਰਦੀਪ ਕੁਮਾਰ ਨੂੰ ਮੰਤਰੀ ਵਿਜੇ ਸਿੰਗਲਾ ਦਾ ਓਐਸਡੀ ਦੱਸਿਆ ਜਾ ਰਿਹਾ ਸੀ ਅਤੇ ਪ੍ਰਦੀਪ ਕੁਮਾਰ ਨੂੰ ਮੰਤਰੀ ਦਾ ਓਐਸਡੀ ਦੱਸ ਕੇ ਰਿਸ਼ਵਤ ਮੰਗੀ ਗਈ ਸੀ। ਅਸਲ ਵਿੱਚ ਸਰਕਾਰੀ ਰਿਕਾਰਡ ਅਨੁਸਾਰ ਪ੍ਰਦੀਪ ਕੁਮਾਰ ਡਾ.ਵਿਜੇ ਸਿੰਗਲਾ ਦਾ ਓਐਸਡੀ ਨਹੀਂ ਹੈ। ਮੰਤਰੀ ਨੇ ਆਪਣੇ ਦੋ ਭਾਣਜਿਆਂ ਸਣੇ ਸਮੇਤ ਤਿੰਨ ਰਿਸ਼ਤੇਦਾਰਾਂ ਦੇ ਸਕੱਤਰੇਤ ਵਿੱਚ ਦਾਖ਼ਲੇ ਦੇ ਗ੍ਰੀਨ ਕਾਰਡ ਬਣਾਏ ਸਨ। ਇਸ ਕਾਰਨ ਮੰਤਰੀ ਵਿਜੇ ਸਿੰਗਲਾ ਹਰ ਥਾਂ ਪ੍ਰਦੀਪ ਕੁਮਾਰ ਨੂੰ ਆਪਣਾ ਓ.ਐਸ.ਡੀ ਕਹਿ ਕੇ ਆਪਣੇ ਨਾਲ ਰੱਖਦਾ ਸੀ। ਪ੍ਰਦੀਪ ਕੁਮਾਰ ਸਕੱਤਰੇਤ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚ ਮੰਤਰੀ ਨਾਲ ਨਾ ਸਿਰਫ਼ ਹਿੱਸਾ ਲੈਂਦਾ ਸੀ ਸਗੋਂ ਸਾਰੀਆਂ ਫਾਈਲਾਂ ਦੀ ਜਾਂਚ ਵੀ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਕਈ ਵਾਰ ਪ੍ਰਦੀਪ ਕੁਮਾਰ ਨੂੰ ਮੀਟਿੰਗ ਵਿੱਚੋਂ ਬਾਹਰ ਭੇਜਿਆ ਪਰ ਮੰਤਰੀ ਦੇ ਕਹਿਣ ਉਤੇ ਉਸ ਨੂੰ ਵਾਪਸ ਬੁਲਾ ਲਿਆ ਗਿਆ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਮੰਤਰੀ ਦਾ ਭ੍ਰਿਸ਼ਟਾਚਾਰ ਫਰਜ਼ੀ ਓ.ਐੱਸ.ਡੀ ਦੇ ਰੂਪ 'ਚ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਉਨ੍ਹਾਂ ਉਤੇ 1 ਫ਼ੀਸਦੀ ਕਮਿਸ਼ਨ ਲੈਣ ਦੇ ਇਲਜ਼ਾਮ ਲਗਾਏ ਹਨ। ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਉਨ੍ਹਾਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਡਾ. ਸਿੰਗਲਾ ਦੀ ਨਜ਼ਰ ਸੂਬੇ 'ਚ ਚੱਲ ਰਹੇ 208 ਡਰੱਗ ਸੈਂਟਰਾਂ 'ਤੇ ਸੀ। ਇੱਥੇ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਲੱਗੀ ਹੋਈ ਪੰਜਾਬ ਸਰਕਾਰ ਨਸ਼ਾ ਛੁਡਾਊ ਕੇਂਦਰਾਂ ਦੇ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਦੀ ਕੈਬਨਿਟ ਤੋਂ ਬਰਖਾਸਤ ਹੋਏ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਨਜ਼ਰ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਦੇ ਕਾਰੋਬਾਰ ਉਤੇ ਸੀ। ਹਰ ਸਾਲ ਕੇਂਦਰਾਂ ਵਿੱਚ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਦਵਾਈਆਂ ਤੇ ਹੋਰ ਜ਼ਰੂਰੀ ਸਾਮਾਨ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਵਰਤਮਾਨ ਵਿਚ 2.5 ਲੱਖ ਨਸ਼ਾ ਕਰਨ ਵਾਲੇ ਮਰੀਜ਼ ਰਜਿਸਟਰ ਹਨ, ਜਦਕਿ ਨਸ਼ਾ ਮੁਕਤੀ ਕੇਂਦਰਾਂ ਉਤੇ 16.5 ਲੱਖ ਮਰੀਜ਼ ਇਲਾਜ ਲਈ ਆ ਰਹੇ ਹਨ। ਇਹ ਵੀ ਪੜ੍ਹੋ : ਇੰਸਪੈਕਟਰ ਨੇ 'ਆਪ' ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਹਾਈ ਕੋਰਟ 'ਚ ਲਗਾਈ ਪਟੀਸ਼ਨ