ਪੁਲਿਸ ਮੁਲਾਜ਼ਮ ਦੀ ਗੱਡੀ ਥੱਲੇ ਬੰਬ ਲਗਾਉਣ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸੇ
ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਥੱਲੇ ਆਈਈਡੀ (IED) ਬੰਬ ਲਗਾਉਣ ਦੇ ਮਾਮਲੇ 'ਚ ਦਿਨ-ਬ-ਦਿਨ ਨਵੀਂਆਂ ਪਰਤਾਂ ਖੁੱਲ੍ਹ ਰਹੀਆਂ ਹਨ। ਪੁਲਿਸ ਜਿਉਂ-ਜਿਉਂ ਇਸ ਮਾਮਲੇ ਦੀ ਘੋਖ ਕਰ ਰਹੀ ਹੈ ਉਸ ਵਿੱਚ ਹੈਰਾਨੀਜਨਕ ਖ਼ੁਲਾਸੇ ਹੋ ਰਹੇ ਹਨ। ਮਾਮਲੇ 'ਚ ਮੁਲਜ਼ਮਾਂ ਦੇ ਅੱਤਵਾਦੀਆਂ ਨਾਲ ਸਬੰਧ ਵੀ ਸਾਹਮਣੇ ਆ ਰਹੇ ਹਨ। ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਬੰਬ ਲਗਾ ਕੇ ਇਸਦੀ ਵੀਡੀਓ ਅੱਤਵਾਦੀ ਲਖਬੀਰ ਸਿੰਘ ਲੰਡਾ ਨੂੰ ਭੇਜੀ ਸੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਵਿੱਚ ਬੰਬ ਲਗਾਉਣ ਵਾਲੇ ਚਾਚਾ-ਭਤੀਜੇ ਹਰਪਾਲ ਤੇ ਫਤਿਹਦੀਪ ਨੂੰ ਉਨ੍ਹਾਂ ਦੇ ਮੋਬਾਈਲਾਂ ਰਾਹੀਂ ਪੁਲਿਸ ਨੇ ਕਾਬੂ ਕਰ ਲਿਆ ਸੀ। ਜੇ ਪੁਲਿਸ ਮੁਲਜ਼ਮਾਂ ਨੂੰ ਫੜਨ 'ਚ ਥੋੜ੍ਹੀ ਦੇਰੀ ਕਰਦੀ ਤਾਂ ਦੋਵੇਂ ਮੁਲਜ਼ਮ ਮਾਲਦੀਵ ਭੱਜ ਗਏ ਹੁੰਦੇ ਪਰ ਪੁਲਿਸ ਨੇ ਦੋਵਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਹਰਪਾਲ ਕੋਈ ਹੋਰ ਨਹੀਂ ਬਲਕਿ ਫਤਿਹਦੀਪ ਦਾ ਚਾਚਾ ਹੈ, ਮਤਲਬ ਦੋਵੇਂ ਮੁਲਜ਼ਮ ਰਿਸ਼ਤੇ ਵਿੱਚ ਚਾਚਾ-ਭਤੀਜਾ ਹਨ। ਇਸ ਦੇ ਨਾਲ ਹੀ ਪੁਲਿਸ ਨੇ ਹਰਪਾਲ ਤੇ ਫਤਿਹਦੀਪ ਦੋਵਾਂ ਕੋਲੋਂ ਮਾਲਦੀਵ ਦੀਆਂ ਟਿਕਟਾਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ 4000 ਡਾਲਰ ਅਤੇ ਕਰੀਬ 2.50 ਲੱਖ ਰੁਪਏ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਉਸ ਨੂੰ ਇਹ ਪੈਸੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਤੋਂ ਹੀ ਮਿਲੇ ਹਨ। ਦੱਸਿਆ ਜਾਂਦਾ ਹੈ ਕਿ ਫਤਿਹਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ ਆਦੀ ਸੀ ,ਜਿਸ ਕਾਰਨ ਕਰੀਬ ਛੇ ਮਹੀਨੇ ਪਹਿਲਾਂ ਫਤਿਹਦੀਪ ਨੂੰ ਉਸ ਦੀ ਮਾਂ ਨੇ ਘਰੋਂ ਕੱਢ ਦਿੱਤਾ ਸੀ। ਉਸ ਦੀ ਮਾੜੀ ਸੰਗਤ ਦਾ ਅਸਰ ਉਸ ਦੇ ਚਾਚਾ ਹਰਪਾਲ ਸਿੰਘ ਉਰਫ਼ ਪਾਲਾ ਉਤੇ ਹੋ ਗਿਆ। ਹਰਪਾਲ ਸਿੰਘ ਆਈਆਰਬੀ ਵਿਚ ਤਾਇਨਾਤ ਹੈੱਡ ਕਾਂਸਟੇਬਲ ਹੈ। ਹਰਪਾਲ ਸਿੰਘ ਪਾਲਾ ਪਹਿਲਾਂ ਨਸ਼ੇ ਦਾ ਆਦੀ ਸੀ। ਕੁਝ ਸਮਾਂ ਪਹਿਲਾਂ ਉਹ ਨਸ਼ਾ ਛੱਡ ਕੇ ਆਈਆਰਬੀ ਵਿਚ ਭਰਤੀ ਹੋ ਗਿਆ ਸੀ। ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ 25 ਫ਼ੀਸਦੀ ਵਾਧਾ, 15,754 ਨਵੇਂ ਮਾਮਲੇ ਆਏ ਸਾਹਮਣੇ ਮੁਲਜ਼ਮਾਂ ਨੇ ਬੰਬ ਲਗਾਉਣ ਦੀ ਜਾਣਕਾਰੀ ਅੱਤਵਾਦੀ ਲਖਬੀਰ ਸਿੰਘ ਲੰਡਾ ਨੂੰ ਦਿੱਤੀ ਸੀ। ਇਸਦੇ ਨਾਲ ਹੀ ਲੰਡਾ ਨੇ ਮੁਲਜ਼ਮਾਂ ਨੂੰ ਫੋਨ 'ਤੇ ਦੱਸਿਆ ਸੀ ਕਿ ਉਨ੍ਹਾਂ ਦੀ ਅਦਾਇਗੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਕਰ ਦੇਵੇਗਾ।