ਸੁਪਰੀਮ ਕੋਰਟ ਨੇ ਫਰੀਦਕੋਟ ਦੇ ਸ਼ਾਹੀ ਪਰਿਵਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ
ਨਵੀਂ ਦਿੱਲੀ, 7 ਸਤੰਬਰ: ਫਰੀਦਕੋਟ ਦੇ ਆਖ਼ਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਦੌਲਤ ਅਤੇ ਰਿਆਸਤ ਲਈ 30 ਸਾਲਾਂ ਤੋਂ ਚੱਲੀ ਆ ਰਹੀ ਲੜਾਈ ਨੂੰ ਖਤਮ ਕਰਦੇ ਹੋਏ ਸੁਪਰੀਮ ਕੋਰਟ ਨੇ ਉਨ੍ਹਾਂ ਦੀਆਂ ਧੀਆਂ - ਅੰਮ੍ਰਿਤ ਕੌਰ ਅਤੇ ਦੀਪਇੰਦਰ ਕੌਰ ਦੇ ਹੱਕ ਵਿਚ ਫੈਸਲਾ ਸੁਣਾਇਆ ਅਤੇ 25,000 ਕਰੋੜ ਦੀ ਜਾਇਦਾਦ ਦੀ ਦੇਖ-ਰੇਖ ਕਰਨ ਵਾਲੇ ਮਹਾਰਾਵਲ ਖੇਵਾਜੀ ਟਰੱਸਟ ਨੂੰ ਭੰਗ ਕਰ ਦਿੱਤਾ। ਭਾਰਤ ਦੇ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ, ਜਸਟਿਸ ਐਸ ਰਵਿੰਦਰ ਭੱਟ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਤਿੰਨ ਮੈਂਬਰੀ ਬੈਂਚ ਨੇ ਹਾਈ ਕੋਰਟ ਦੇ ਹੁਕਮ ਵਿੱਚ ਕੁਝ ਸੋਧਾਂ ਕਰ ਇਸਨੂੰ ਬਰਕਰਾਰ ਰੱਖਿਆ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਿਆਸਤ ਦੇ ਆਖ਼ਰੀ ਸ਼ਾਸਕ ਦੀ ਵਸੀਅਤ ਨੂੰ ਜਾਅਲੀ ਕਰਾਰ ਦੇ ਕੇ ਉਸ ਦੀਆਂ ਧੀਆਂ ਨੂੰ ਜਾਇਦਾਦ ਦੇ ਅਧਿਕਾਰ ਸੌਂਪੇ ਸਨ। ਇਸ ਸਾਲ ਜੁਲਾਈ ਦੇ ਆਖ਼ਰੀ ਹਫ਼ਤੇ ਵਿੱਚ ਲਗਾਤਾਰ ਦੋ ਦਿਨਾਂ ਤੱਕ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ 28 ਜੁਲਾਈ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਮਹਾਰਾਵਲ ਖੇਵਾਜੀ ਟਰੱਸਟ ਅਤੇ ਮਹਾਰਾਜਾ ਦੀ ਧੀ ਅੰਮ੍ਰਿਤ ਕੌਰ ਵਿਚਕਾਰ ਲੜਾਈ ਇਸ ਖੇਤਰ ਦੇ ਕਾਨੂੰਨੀ ਇਤਿਹਾਸ ਦੀ ਸਭ ਤੋਂ ਲੰਬੀ ਲੜਾਈ ਮੰਨੀ ਜਾਂਦੀ ਹੈ। ਮਹਾਰਾਜੇ ਦੀ ਵਸੀਅਤ ਨੂੰ ਜਾਅਲੀ ਕਰਾਰ ਦਿੱਤੇ ਜਾਣ ਨਾਲ, ਮਹਾਰਾਵਲ ਖੇਵਾਜੀ ਟਰੱਸਟ ਹੋਂਦ ਵਿਚ ਆਉਣ ਤੋਂ 33 ਸਾਲ ਬਾਅਦ ਭੰਗ ਹੋ ਜਾਵੇਗਾ। ਜੁਲਾਈ 2020 ਵਿੱਚ ਮਹਾਰਾਵਲ ਖੇਵਾਜੀ ਟਰੱਸਟ ਨੇ 1 ਜੂਨ 1982 ਦੀ ਬਰਾੜ ਦੀ ਵਸੀਅਤ ਨੂੰ 'ਜਾਅਲੀ' ਘੋਸ਼ਿਤ ਕਰਨ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਦਰਖਾਸਤ ਦਿੱਤੀ ਸੀ। ਅਗਸਤ 2020 ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸਾਲ 1918 ਵਿੱਚ ਤਿੰਨ ਸਾਲ ਦੀ ਉਮਰ ਵਿੱਚ ਮਹਾਰਾਜਾ ਦੀ ਤਾਜਪੋਸ਼ੀ ਹੋਈ, ਹਰਿੰਦਰ ਸਿੰਘ ਬਰਾੜ ਫਰੀਦਕੋਟ ਦੀ ਪੁਰਾਣੀ ਰਿਆਸਤ ਦਾ ਆਖਰੀ ਸ਼ਾਸਕ ਸੀ। ਬਰਾੜ ਅਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਦੀਆਂ ਤਿੰਨ ਧੀਆਂ - ਅੰਮ੍ਰਿਤ ਕੌਰ, ਦੀਪਇੰਦਰ ਕੌਰ ਅਤੇ ਮਹੀਪਇੰਦਰ ਕੌਰ ਅਤੇ ਇੱਕ ਪੁੱਤਰ, ਟਿੱਕਾ ਹਰਮੋਹਿੰਦਰ ਸਿੰਘ ਸੀ। ਸਾਲ 1981 ਵਿੱਚ ਇੱਕ ਸੜਕ ਹਾਦਸੇ ਵਿੱਚ ਉਸਦੇ ਪੁੱਤਰ ਦੀ ਮੌਤ ਤੋਂ ਬਾਅਦ ਮਹਾਰਾਜਾ ਨਿਰਾਸ਼ਾਵਾਦੀ ਹੋ ਗਿਆ ਅਤੇ ਅੱਠ ਮਹੀਨਿਆਂ ਬਾਅਦ ਉਸਨੇ ਆਪਣੀ ਵਸੀਅਤ ਰਾਹੀਂ ਸ਼ਾਹੀ ਜਾਇਦਾਦਾਂ ਦੀ ਦੇਖਭਾਲ ਲਈ ਟਰੱਸਟ ਦਾ ਗਠਨ ਕੀਤਾ। ਦੱਸ ਦੇਈਏ ਕਿ ਹਰਿੰਦਰ ਸਿੰਘ ਦੀ 25,000 ਕਰੋੜ ਦੀ ਜਾਇਦਾਦ ਅਧੀਨ ਸ਼ਾਹੀ ਸੰਪਤੀਆਂ ਵਿੱਚ ਕਿਲੇ, ਮਹਿਲ, ਇਮਾਰਤਾਂ, ਸੈਂਕੜੇ ਏਕੜ ਜ਼ਮੀਨ, ਗਹਿਣੇ, ਵਿੰਟੇਜ ਕਾਰਾਂ ਅਤੇ ਇੱਕ ਵੱਡਾ ਬੈਂਕ ਬੈਲੰਸ ਸ਼ਾਮਲ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 2013 ਵਿੱਚ ਮਹਾਰਾਵਲ ਖੇਵਾਜੀ ਟਰੱਸਟ ਦੇ ਹੱਕ ਵਿੱਚ ਵਸੀਅਤ ਨੂੰ ਜਾਅਲੀ ਕਰਾਰ ਦਿੱਤਾ ਸੀ ਅਤੇ ਮਹਾਰਾਜਾ ਦੀਆਂ ਧੀਆਂ - ਅੰਮ੍ਰਿਤ ਕੌਰ ਅਤੇ ਦੀਪਇੰਦਰ ਕੌਰ ਦੇ ਹੱਕ ਵਿਚ ਫੈਸਲਾ ਸੁਣਾਇਆ ਸੀ। -PTC New