ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ, 5 ਸਾਲ ਪਿਛੋਂ ਘੱਟ ਗਿਣਤੀ ਭਾਈਚਾਰੇ ਦੇ ਜੱਜ ਦੀ ਨਿਯੁਕਤੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੂੰ ਦੋ ਨਵੇਂ ਜੱਜ ਮਿਲ ਗਏ ਹਨ। ਨਾਵਾਂ ਦੀ ਸਿਫਾਰਿਸ਼ ਦੇ 48 ਘੰਟਿਆਂ ਦੇ ਅੰਦਰ ਕੇਂਦਰ ਨੇ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਸੁਧਾਂਸ਼ੂ ਧੂਲੀਆ ਤੇ ਗੁਜਰਾਤ ਹਾਈ ਕੋਰਟ ਦੇ ਜੱਜ ਜਮਸ਼ੇਦ ਬੀ ਪਾਰਦੀਵਾਲਾ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਉਨ੍ਹਾਂ ਦੇ ਨਾਮਾਂ 'ਤੇ ਮੋਹਰ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ 5 ਮਈ ਨੂੰ ਸੁਪਰੀਮ ਕੋਰਟ ਕਾਲੇਜੀਅਮ ਨੇ ਕੇਂਦਰ ਸਰਕਾਰ ਨੂੰ ਦੋ ਨਵੇਂ ਜੱਜਾਂ ਦੀ ਸਿਫਾਰਿਸ਼ ਭੇਜੀ ਸੀ। ਸੀਜੇਆਈ ਐਨਵੀ ਰਮਨਾ ਦੀ ਅਗਵਾਈ ਵਾਲੇ ਐਸਸੀ ਕਾਲੇਜੀਅਮ ਨੇ ਸੁਧਾਂਸ਼ੂ ਧੂਲੀਆ ਤੇ ਜਮਸ਼ੇਦ ਬੀ ਪਾਰਦੀਵਾਲਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਕਰਨ ਦੀ ਸਿਫ਼ਾਰਸ਼ 'ਤੇ ਫ਼ੈਸਲਾ ਲਿਆ। ਕਾਬਿਲਗੌਰ ਹੈ ਕਿ ਜਸਟਿਸ ਪਾਰਦੀਵਾਲਾ ਭਾਰਤ ਦੇ ਚੀਫ ਜਸਟਿਸ ਯਾਨੀ CJI ਬਣਨਗੇ। ਉਹ ਮਈ 2028 ਵਿੱਚ ਦੇਸ਼ ਦੇ ਸੀਜੇਆਈ ਬਣ ਸਕਦੇ ਹਨ। ਉਨ੍ਹਾਂ ਦਾ ਕਾਰਜਕਾਲ ਲਗਪਗ 2 ਸਾਲ 3 ਮਹੀਨੇ ਦਾ ਹੋਵੇਗਾ। ਉਹ ਸੁਪਰੀਮ ਕੋਰਟ ਦੇ ਚੌਥੇ ਪਾਰਸੀ ਜੱਜ ਹਨ। ਉਨ੍ਹਾਂ ਦੀ ਨਿਯੁਕਤੀ ਦਾ ਮਤਲਬ ਹੈ ਕਿ 5 ਸਾਲਾਂ ਦੇ ਵਕਫੇ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਦੇ ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜੱਜ ਐਸ ਅਬਦੁਲ ਨਜ਼ੀਰ ਨੂੰ ਫਰਵਰੀ 2017 ਵਿੱਚ ਸੁਪਰੀਮ ਕੋਰਟ ਵਿੱਚ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਸਟਿਸ ਧੂਲੀਆ ਉੱਤਰਾਖੰਡ ਹਾਈ ਕੋਰਟ ਤੋਂ ਤਰੱਕੀ ਪ੍ਰਾਪਤ ਕਰਨ ਵਾਲੇ ਦੂਜੇ ਜੱਜ ਹੋਣਗੇ। ਸੀਜੇਆਈ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਕਾਲੇਜੀਅਮ ਨੇ ਸਰਬਸੰਮਤੀ ਨਾਲ ਪਿਛਲੇ ਸਾਲ ਅਗਸਤ ਤੋਂ ਹੁਣ ਤੱਕ ਰਿਕਾਰਡ 11 ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਵਿੱਚੋਂ 3 ਔਰਤਾਂ ਸਮੇਤ 9 ਨੂੰ ਸੀਜੇਆਈ ਐਨਵੀ ਰਮਨਾ ਵੱਲੋਂ 31 ਅਗਸਤ 2021 ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁਕਾਈ ਗਈ ਸੀ। ਸੀਜੇਆਈ ਰਮਨਾ, ਜਸਟਿਸ ਯੂ ਯੂ ਲਲਿਤ, ਜਸਟਿਸ ਏ ਐਮ ਖਾਨਵਿਲਕਰ, ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਵਾਲੇ ਇਸੇ ਕਾਲੇਜੀਅਮ ਨੇ ਵੀ ਵੱਖ-ਵੱਖ ਹਾਈ ਕੋਰਟਾਂ 'ਚ 10 ਨਵੇਂ ਚੀਫ਼ ਜਸਟਿਸਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਹੈ। ਤਿੰਨ ਜੱਜਾਂ ਦੇ ਕੌਲਿਜੀਅਮ ਨੇ ਹੁਣ ਤੱਕ ਵੱਖ-ਵੱਖ ਹਾਈ ਕੋਰਟਾਂ ਦੇ ਜੱਜਾਂ ਵਜੋਂ ਨਿਯੁਕਤੀ ਲਈ 180 ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ। ਇਹ ਵੀ ਪੜ੍ਹੋ : ਦਰਦਨਾਕ ਹਾਦਸੇ 'ਚ ਪਿਓ-ਪੁੱਤਰ ਦੀ ਮੌਤ