ਪ੍ਰਕਾਸ਼ ਦਿਹਾੜੇ 'ਤੇ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ, ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ
ਅੰਮ੍ਰਿਤਸਰ : ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵੱਡੀ ਗਿਣਤੀ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਈ। ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੁੰਦਰ ਜਲੌਅ ਸਜਾਏ ਗਏ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਿਨ ਭਰ ਚੱਲੇ ਸਮਾਗਮਾਂ ਤੋਂ ਬਾਅਦ ਸ਼ਾਮ ਵਾਲੇ ਅਤਿ ਸੁੰਦਰ ਦੀਪਮਾਲਾ ਤੇ ਆਤਿਸ਼ਬਾਜੀ ਕੀਤੀ ਗਈ। ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਕਿਨਾਰੇ ਤੇ ਸਾਰੇ ਪ੍ਰਵੇਸ਼ ਦੁਆਰਾਂ ਦੇ ਬਾਹਰ ਘਿਓ ਦੇ ਦੀਵੇ ਅਤੇ ਰੰਗ ਬਿਰੰਗੀਆਂ ਮੋਮਬੱਤੀਆਂ ਬਾਲ ਕੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਮਨਾਈ ਗਈ। ਰਹਿਰਾਸ ਦੇ ਪਾਠ ਤੋਂ ਉਪਰੰਤ ਅਕਾਸ਼ ਵਿਚ ਚੱਲਣ ਵਾਲੀ ਪ੍ਰਦੂਸ਼ਣ ਰਹਿਤ ਮਨਮੋਹਕ ਆਤਿਸ਼ਬਾਜੀ ਕੀਤੀ ਗਈ। ਸੁੰਦਰ ਐਲਈ ਲਾਈਟਾਂ ਨਾਲ ਜਗਮਗਾਉਂਦੇ ਸ੍ਰੀ ਦਰਬਾਰ ਸਾਹਿਬ ਦਾ ਅਦਭੁਤ ਨਜ਼ਾਰਾ ਦੇਖਣ ਲਈ ਸੰਗਤਾਂ ਲੱਖਾਂ ਦੀ ਤਦਾਦ ਵਿਚ ਪਹੁੰਚੀਆਂ। ਸੰਗਤਾਂ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਦੇ ਦਰਸ਼ਨਾਂ ਦਾ ਮੌਕਾ ਮਿਲਣਾ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ। ਇਸ ਪਾਵਨ ਦਿਹਾੜੇ ਮੌਕੇ ਐਸਜੀਪੀਸੀ ਵੱਲੋਂ ਵੀ ਸੰਗਤਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਜਿੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਉੱਥੇ ਹੀ ਉਨ੍ਹਾਂ ਅਲੌਕਿਕ ਰੌਣਕਾਂ ਦਾ ਅਨੰਦ ਮਾਣਿਆ। ਕਈ ਸ਼ਰਧਾਲੂਆਂ ਨੇ ਇਸ ਮਨਮੋਹਕ ਨਜ਼ਾਰੇ ਨੂੰ ਆਪਣੇ ਮੋਬਾਈਲਾਂ ਵਿਚ ਕੈਦ ਕੀਤਾ। ਸ਼ਾਮ ਦੇ ਸਮੇਂ ਅਸਮਾਨ ਵਿਚ ਮਨਮੋਹਕ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤਾਂ ਦਾ ਸੈਲਾਬ ਉਮੜ ਆਇਆ। -PTC News ਇਹ ਵੀ ਪੜ੍ਹੋ : ਬਾਬਾ ਫ਼ਰੀਦ 'ਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਰਾਜਪਾਲ ਆਹਮੋ-ਸਾਹਮਣੇ