ਜੇਲ੍ਹ ‘ਚੋਂ ਮੋਬਾਈਲ ਮਿਲਣ 'ਤੇ ਕੇਂਦਰੀ ਜੇਲ੍ਹ ਫਰੀਦਕੋਟ ਦਾ ਸੁਪਰਡੈਂਟ ਸਸਪੈਂਡ
ਫਰੀਦਕੋਟ: ਪੰਜਾਬ ਵਿਚ ਅਕਸਰ ਜੇਲ੍ਹਾਂ ‘ਚੋਂ ਮੋਬਾਈਲ ਮਿਲਣ ਦੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ ਪਰ ਅੱਜ ਪੰਜਾਬ ਸਰਕਾਰ ਨੇ ਸਖ਼ਤ ਐਕਸ਼ਨ ਲਿਆ ਹੈ। ਅੱਜ ਪੰਜਾਬ ਸਰਕਾਰ ਨੇ ਫਰੀਦਕੋਟ ਜੇਲ੍ਹ ਦੇ ਸੁਪਰਡੈਂਟ ਜੋਗਿੰਦਰਪਾਲ ਨੂੰ ਮੁਅੱਤਲ ਕਰ ਦਿੱਤਾ ਹੈ। ਆਰਮਜ਼ ਐਕਟ ਦੇ ਮੁਲਜ਼ਮ ਆਪਣੀ ਜੇਲ੍ਹ ਵਿੱਚ ਬੰਦ ਨੇ ਅੰਦਰੋਂ ਵੀਡੀਓ ਕਾਲ ਕਰ ਕੇ ਬੈਰਕ ਦਿਖਾਏ। ਜੇਲ੍ਹ ਵਿੱਚ ਮੋਬਾਈਲਾਂ 'ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਅੰਦਰੋਂ ਵੀਡੀਓ ਕਾਲ ਆਈ। ਫਿਰ ਇਸ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ। ਇਸ ਦੀ ਜਾਂਚ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀ ਜੇਲ੍ਹ ਅੰਦਰ ਬੰਦ ਇਕ ਕੈਦੀ ਦੀ ਜੇਲ੍ਹ ਅੰਦਰ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਵੀਕੇ ਜੰਜੂਆ ਨੇ ਦੱਸਿਆ ਕਿ ਕਰਨ ਸ਼ਰਮਾ ਅਸਲਾ ਐਕਟ ਤਹਿਤ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਕਰਨ ਨੇ 16-17 ਮਈ ਨੂੰ ਫਰੀਦਕੋਟ ਦੇ ਰਹਿਣ ਵਾਲੇ ਸੁਨੀਲ ਕੁਮਾਰ ਉਰਫ਼ ਬੰਟੀ ਨੂੰ ਜੇਲ੍ਹ ਦੇ ਅੰਦਰੋਂ ਵੀਡੀਓ ਕਾਲ ਕੀਤੀ। ਇਸ ਵਿੱਚ ਉਸ ਨੇ ਜੇਲ੍ਹ ਦੀਆਂ ਬੈਰਕਾਂ ਦਿਖਾਈਆਂ। ਸੁਨੀਲ ਬੰਟੀ ਨੇ ਬਾਅਦ ਵਿਚ ਇਸ ਵੀਡੀਓ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਇਸ ਨਾਲ ਜੇਲ੍ਹ ਵਿਭਾਗ ਦਾ ਅਕਸ ਖਰਾਬ ਹੋਇਆ ਹੈ। ਦੱਸ ਦੇਈਏ ਕਿ ਅੱਜ ਕੇਂਦਰੀ ਜੇਲ੍ਹ ਫਰੀਦਕੋਟ 'ਚੋਂ ਮੋਬਾਈਲ ਫੋਨਾਂ ਦਾ ਬਰਮਾਦ ਹੋਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੌਰਾਨ 5 ਮੋਬਾਈਲ, 2 ਚਾਰਜਰ ਤੇ 2 ਹੈੱਡਫੋਨ ਬਰਾਮਦ ਕੀਤੇ ਹਨ। ਗੌਰਤਲਬ ਹੈ ਕਿ ਪੰਜਾਬ ਦੇ ਸੁਧਾਰ ਘਰਾਂ ਮੋਬਾਈਲ ਫੋਨ ਦੀ ਵਰਤੋਂ ਕੋਈ ਨਵੀਂ ਗੱਲ ਨਹੀਂ ਹੈ। ਅਕਸਰ ਛਾਪੇਮਾਰੀ ਦੌਰਾਨ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਫੜ੍ਹੇ ਜਾਂਦੇ ਹਨ। ਤਾਜ਼ਾ ਮਾਮਲਾ ਫਰੀਦਕੋਟ ਦਾ ਹੈ ਜਿੱਥੇ ਇੱਕ ਬੈਰਕ 'ਚ ਨਜ਼ਰਬੰਦ ਹਵਾਲਾਤੀ ਨੇ ਜੇਲ੍ਹ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਪਾ ਦਿੱਤੀ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਇਸ ਹਵਾਲਾਤੀ ਨੇ ਸਮੁੱਚੀ ਜੇਲ੍ਹ ਦੀ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਪਾ ਕੇ ਜੇਲ੍ਹ ਪ੍ਰਬੰਧਾਂ ਦੀ ਫੂਕ ਕੱਢ ਦਿੱਤੀ। ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸਖ਼ਤੀ ਦਿਖਾਉਂਦੇ ਹੋਏ ਸੁਪਰੀਡੈਂਟ ਸਸਪੈਂਡ ਕਰ ਦਿੱਤਾ। -PTC News