ਸੁਨੀਲ ਜਾਖੜ ਦੀਆਂ ਵਧੀਆਂ ਮੁਸ਼ਕਿਲਾਂ- ਪੁਲਿਸ ਕਮਿਸ਼ਨਰ ਨੂੰ ਕੇਸ ਦਰਜ ਕਰਨ ਦੇ ਹੁਕਮ
ਜਲੰਧਰ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੀ-23 ਨੇਤਾਵਾਂ 'ਤੇ ਕੀਤੀ ਗਈ ਟਿੱਪਣੀ ਹੁਣ ਉਨ੍ਹਾਂ 'ਤੇ ਭਾਰੀ ਪੈਣ ਲੱਗੀ ਹੈ। ਚੰਨੀ ਦੀ ਸ਼ਿਕਾਇਤ 'ਤੇ ਕਾਂਗਰਸ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਇਸ ਟਿੱਪਣੀ ਦਾ ਨੋਟਿਸ ਲੈਂਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਐਸਸੀ ਕਮਿਸ਼ਨ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਸੁਨੀਲ ਜਾਖੜ ਖਿਲਾਫ ਮਾਮਲਾ ਦਰਜ ਕਰਨ ਲਈ ਕਿਹਾ ਹੈ। ਐਸਸੀ ਕਮਿਸ਼ਨ ਨੇ ਇਹ ਕਦਮ ਇੱਕ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਉਠਾਇਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸੀ ਲੀਡਰਸ਼ਿਪ ਬਾਰੇ ਟਿੱਪਣੀ ਕੀਤੀ ਸੀ ਜਿਸ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਜੋੜਿਆ ਜਾ ਰਿਹਾ ਹੈ। ਇਸ ਮਗਰੋਂ ਐਸਸੀ ਭਾਈਚਾਰੇ ਨੇ ਸੁਨੀਲ ਜਾਖੜ ਦਾ ਸਖਤ ਵਿਰੋਧ ਕੀਤਾ ਸੀ। ਇਸ ਟਿੱਪਣੀ 'ਤੇ ਐਸਸੀ ਸਮਾਜ ਦੇ ਲੋਕਾਂ ਨੇ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਭਰ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹ ਥਾਂ-ਥਾਂ ਜਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੁਨੀਲ ਜਾਖੜ ਖ਼ਿਲਾਫ਼ ਕਾਰਵਾਈ ਸਬੰਧੀ ਮੰਗ ਪੱਤਰ ਦੇ ਰਹੇ ਹਨ। ਸੁਨੀਲ ਜਾਖੜ ਦੀਆਂ ਟਿੱਪਣੀਆਂ ਨੂੰ ਲੈ ਕੇ ਕਈ ਅਨੁਸੂਚਿਤ ਜਾਤੀ ਆਗੂਆਂ ਵੱਲੋਂ ਕਮਿਸ਼ਨ ਕੋਲ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਹ ਵੀ ਪੜ੍ਹੋ: ਕੋਰੋਨਾ ਫਿਰ ਲੱਗਾ ਡਰਾਉਣ: ਸਕੂਲ 'ਚ ਮਿਲੇ ਕੋਰੋਨਾ ਪਾਜ਼ੇਟਿਵ ਬੱਚੇ, ਆਫਲਾਈਨ ਕਲਾਸਾਂ ਬੰਦ -PTC News