ਗਰਮੀ ਨਾਲ ਝੰਬੇ ਲੋਕਾਂ ਤੇ ਕਿਸਾਨਾਂ ਲਈ ਰਾਹਤ, 30 ਜੂਨ ਤੋਂ 2 ਜੁਲਾਈ ਵਿਚਕਾਰ ਮੌਨਸੂਨ ਆਉਣ ਦੀ ਪੇਸ਼ੀਨਗੋਈ
ਚੰਡੀਗੜ੍ਹ : ਪੰਜਾਬ ਵਿੱਚ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਅਤੇ ਇਸ ਵਿਚਕਾਰ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਕਿੱਲਤ ਕਾਰਨ ਕਿਸਾਨ ਵੀ ਕਾਫੀ ਪਰੇਸ਼ਾਨ ਹਨ। ਇਸ ਵਿਚਕਾਰ ਗਰਮੀ ਨਾਲ ਝੰਬੇ ਲੋਕਾਂ ਤੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਹੈ। ਪੰਜਾਬ ਵਿੱਚ ਜਲਦੀ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਇਸ ਵਾਰ 30 ਜੂਨ ਤੋਂ 2 ਜੁਲਾਈ ਦਰਮਿਆਨ ਮੌਨਸੂਨ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪਹਿਲਾਂ 2 ਜੁਲਾਈ ਤੋਂ ਬਾਅਦ ਮੌਨਸੂਨ ਆਉਣ ਦੀ ਸੰਭਾਵਨਾ ਸੀ ਪਰ ਮੌਜੂਦਾ ਸਥਿਤੀ ਮੁਤਾਬਕ ਸਮੇਂ ਉਤੇ ਮੌਨਸੂਨ ਆ ਜਾਵੇਗਾ। 29 ਜੂਨ ਨੂੰ ਪੰਜਾਬ 'ਚ ਪ੍ਰੀ-ਮੌਨਸੂਨ ਬਾਰਿਸ਼ ਹੋ ਸਕਦੀ ਹੈ। ਜੇਕਰ ਗੱਲ ਦਿੱਲੀ ਦੀ ਕਰੀਏ ਤਾਂ ਮਾਨਸੂਨ ਦਿੱਲੀ ਤੋਂ ਕੁਝ ਦਿਨ ਦੂਰ ਹੈ ਅਤੇ ਪਹਿਲੇ 10 ਦਿਨਾਂ ਵਿੱਚ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। ਮੌਸਮ ਵਿਗਿਆਨੀਆਂ ਨੇ ਸੋਮਵਾਰ ਨੂੰ ਇਹ ਬਿਆਨ ਦਿੱਤਾ। ਪੱਛਮੀ ਗੜਬੜੀ ਦੀ ਅਣਹੋਂਦ ਕਾਰਨ ਦਿੱਲੀ ਵਿੱਚ ਇਸ ਸਾਲ 1 ਮਾਰਚ ਤੋਂ ਹੁਣ ਤੱਕ ਸਿਰਫ਼ 72.5 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਇਸ ਸਮੇਂ ਦੌਰਾਨ ਆਮ ਤੌਰ 'ਤੇ 107.3 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਹੈ। ਸ਼ਹਿਰ ਵਿੱਚ ਮਾਰਚ ਵਿੱਚ ਕੋਈ ਮੀਂਹ ਨਹੀਂ ਪਿਆ ਅਤੇ ਅਪ੍ਰੈਲ ਵਿੱਚ 12.2 ਮਿਲੀਮੀਟਰ ਦੀ ਮਾਸਿਕ ਔਸਤ ਦੇ ਮੁਕਾਬਲੇ ਬਹੁਤ ਘੱਟ 0.3 ਮਿਲੀਮੀਟਰ ਮੀਂਹ ਪਿਆ। ਇਸ ਸਾਲ ਜੁਲਾਈ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਹੈ ਕਿ ਮੰਗਲਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਰੂਪਨਗਰ, ਹੁਸ਼ਿਆਰਪੁਰ 'ਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਦਿਨ ਦੇ ਤਾਪਮਾਨ 'ਚ ਗਿਰਾਵਟ ਆਵੇਗੀ। ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਲੁਧਿਆਣਾ, ਰੋਪੜ, ਹੁਸ਼ਿਆਰਪੁਰ ਦੇ ਕਈ ਇਲਾਕਿਆਂ 'ਚ ਬਾਅਦ ਦੁਪਹਿਰ ਥੋੜ੍ਹੇ ਸਮੇਂ ਲਈ ਬਾਰਿਸ਼ ਹੋਈ। ਅੱਜ ਦੁਪਹਿਰ ਤੋਂ ਬਾਅਦ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਸੂਬੇ ਵਿੱਚ ਹੁੰਮਸ ਅਤੇ ਕੜਾਕੇ ਦੀ ਗਰਮੀ ਕਾਰਨ ਲੋਕ ਪਰੇਸ਼ਾਨ ਹਨ। ਜੇਕਰ ਜਲਦੀ ਮੀਂਹ ਨਾ ਪਿਆ ਤਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਾਰ ਵੀ ਮਾਮਲੇ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਹ ਵੀ ਪੜ੍ਹੋ : ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਦੇਹਾਂਤ