ਸੁਖਪਾਲ ਸਿੰਘ ਭੁੱਲਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਜਾਵੇ :ਅਕਾਲੀ ਦਲ
ਸੁਖਪਾਲ ਸਿੰਘ ਭੁੱਲਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਜਾਵੇ :ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਤੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਜਾਵੇ।ਇਥੇ ਪਾਰਟੀ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਪਾਲ ਸਿੰਘ ਭੁੱਲਰ ਨੇ ਹੱਥ ਵਿਚ ਗੁਟਕਾ ਫੜ ਕੇ ਜਿਸ ਤਰੀਕੇ ਅਰਦਾਸ ਕਰ ਕੇ ਗੁਰਬਾਣੀ ਦਾ ਨਿਰਾਦਰ ਕੀਤਾ ਹੈ, ਉਹ ਗੁਨਾਹ ਬਖ਼ਸਣਯੋਗ ਨਹੀਂ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗਾਂਧੀ ਪਰਿਵਾਰ ਦੇ ਇਹਨਾਂ ਝੋਲੀ ਚੁੱਕਾਂ ਨੂੰ ਗੁਰਬਾਣੀ ਤੇ ਅਰਦਾਸ ਦੀ ਮਹਾਨਤਾ ਦੀ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਇਹ ਸਿੱਖੀ ਸਿਧਾਂਤਾਂ ਤੋਂ ਜਾਣੂ ਹਨ।ਉਹਨਾਂ ਕਿਹਾ ਕਿ ਅਰਦਾਸ ਦੇ ਸ਼ਬਦਾ ਨੂੰ ਤੋੜ ਮਰੋੜ ਕੇ ਗਲਤ ਪੇਸ਼ ਕਰਨਾ ਬਜਰ ਗੁਨਾਹ ਹੈ ਤੇ ਸਿੱਖ ਸੰਗਤ ਇਸ ਨੂੰ ਕਦੇ ਮੁਆਫ ਨਹੀਂ ਕਰੇਗੀ। ਵਲਟੋਹਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿਰਫ ਅਰਦਾਸ ਹੀ ਨਹੀਂ ਬਲਕਿ ੧ਓ ਦਾ ਉਚਾਰਣ ਵੀ ਕਾਂਗਰਸੀ ਵਿਧਾਇਕ ਨੂੰ ਨਹੀਂ ਆਉਂਦਾ।ਉਹਨਾਂ ਕਿਹਾ ਕਿ ਨਾ ਸਿਰਫ ਗੁਰਬਾਣੀ ਦਾ ਉਚਾਰਣ ਹੀ ਗਲਤ ਢੰਗ ਨਾਲ ਕੀਤਾ ਗਿਆ ਬਲਕਿ ਅਰਦਾਸ ਦੇ ਸ਼ਬਦਾਂ ਨੂੰ ਮਸ਼ਕਰੀਆਂ ਭਰੇ ਅੰਦਾਜ ਵਿਚ ਬਹੁਤ ਹੀ ਗਲਤ ਤਰੀਕੇ ਨਾਲ ਉਚਾਰਿਆ ਗਿਆ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸਿੱਖ ਮਰਿਆਦਾ ਦੀ ਪਾਲਣਾ ਸਿੱਖ ਘਰਾਂ ਵਿਚ ਹਮੇਸ਼ਾ ਸਿਖਾਈ ਜਾਂਦੀ ਹੈ ਪਰ ਕਾਂਗਰਸੀ ਵਿਧਾਇਕ ਨੇ ਜੋ ਕੀਤਾ, ਉਹ ਸਮੁੱਚੇ ਸਿੱਖ ਜਗਤ ਵਾਸਤੇ ਹੈਰਾਨੀਜਨਕ ਹੈ। ਉਹਨਾਂ ਕਿਹਾ ਕਿ ਸਿੱਖ ਵਾਸਤੇ ਗੁਰਬਾਣੀ ਬਹੁਤ ਪਵਿੱਤਰ ਹੈ ਪਰ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨੇ ਗੁਟਕਾ ਹੱਥ ਵਿਚ ਫੜ ਕੇ ਇਸਦੀ ਖੇਡ ਤੇ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ ਹੈ, ਇਹ ਧਾਰਮਿਕ ਤੌਰ 'ਤੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕਰਦੇ ਹਨ ਕਿ ਇਸ ਬਜਰ ਗਲਤੀ ਦਾ ਗੰਭੀਰ ਨੋਟਿਸ ਲੈਣ। -PTCNews