ਸੁਖਬੀਰ ਬਾਦਲ ਵੱਲੋਂ ਗਾਂਧੀ ਪਰਿਵਾਰ ਦੀ ਕਾਤਿਲ ਮਾਨਸਿਕਤਾ ਨੂੰ ਸਹੀ ਠਹਿਰਾਉਣ ਲਈ ਰਾਹੁਲ ਗਾਂਧੀ ਦੀ ਨਿਖੇਧੀ
ਸੁਖਬੀਰ ਬਾਦਲ ਵੱਲੋਂ ਗਾਂਧੀ ਪਰਿਵਾਰ ਦੀ ਕਾਤਿਲ ਮਾਨਸਿਕਤਾ ਨੂੰ ਸਹੀ ਠਹਿਰਾਉਣ ਲਈ ਰਾਹੁਲ ਗਾਂਧੀ ਦੀ ਨਿਖੇਧੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 1984 ਵਿਚ ਸਿੱਖਾਂ ਦੇ ਕੀਤੇ ਯੋਜਨਾਬੱਧ ਕਤਲੇਆਮ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਤੋਂ ਬੇਸ਼ਰਮੀ ਨਾਲ ਇਨਕਾਰ ਕਰਕੇ ਗਾਂਧੀ ਪਰਿਵਾਰ ਦੀ ਕਾਤਿਲ ਮਾਨਸਿਕਤਾ ਨੂੰ ਸਹੀ ਠਹਿਰਾਇਆ ਹੈ ਅਤੇ ਆਪਣੀ ਇਸ ਹਰਕਤ ਨਾਲ ਉਹ ਇਸ ਅਣਮਨੁੱਖੀ ਅਤੇ ਘਿਣਾਉਣੇ ਕਾਰੇ ਵਿਚ ਭਾਗੀਦਾਰ ਬਣ ਗਿਆ ਹੈ।ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਰਾਹੁਲ ਗਾਂਧੀ ਲਈ ਜਰੂਰੀ ਹੋ ਗਿਆ ਹੈ ਕਿ ਉਹ ਜੁਆਬ ਦੇਵੇ ਕਿ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਉਸ ਉੱਤੇ ਕੀ ਦਬਦਬਾ ਹੈ ਅਤੇ ਕੀ ਉਸ ਨੇ ਉਹਨਾਂ ਦੇ ਕਹਿਣ ਤੇ ਹੀ ਲੰਡਨ ਵਿਚ ਇਹ ਆਖਿਆ ਹੈ ਕਿ ਸਿੱਖ ਕਤਲੇਆਮ ਵਿਚ ਕਾਂਗਰਸ ਪਾਰਟੀ ਦੀ ਕੋਈ ਭੂਮਿਕਾ ਨਹੀਂ ਹੈ ? ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਬੇਗੁਨਾਹ ਸਿੱਖਾਂ ਦੇ ਕਤਲੇਆਮ ਲਈ ਮੰਗੀ ਮੁਆਫੀ ਅਤੇ ਉਸ ਸਮੇਂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਜਤਾਏ ਅਫਸੋਸ ਮਗਰੋਂ ਤੁਹਾਡੇ ਵੱਲੋਂ 1984 ਸਿੱਖ ਕਤਲੇਆਮ ਵਿਚ ਕਾਂਗਰਸ ਦਾ ਹੱਥ ਹੋਣ ਸੰਬੰਧੀ ਮਾਰੀ ਪਲਟੀ ਦੀ ਹੋਰ ਕੋਈ ਵਜ੍ਹਾ ਨਹੀਂ ਹੋ ਸਕਦੀ। ਤੁਹਾਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਜੇਕਰ ਦੁਨੀਆਂ ਦੇ ਇਤਿਹਾਸ ਵਿਚ ਕੀਤੇ ਗਏ ਇਸ ਸਭ ਤੋਂ ਭਿਆਨਕ ਕਤਲੇਆਮ ਵਿਚ ਕਾਂਗਰਸ ਭਾਗੀਦਾਰ ਨਹੀਂ ਸੀ ਤਾਂ ਫਿਰ ਇਹ ਮੁਆਫੀਆਂ ਕਿਉਂ ਮੰਗੀਆਂ ਗਈਆਂ ਸਨ। ਸ.ਬਾਦਲ ਨੇ ਰਾਹੁਲ ਗਾਂਧੀ ਨੂੰ ਚੇਤੇ ਕਰਵਾਇਆ ਕਿ ਉਸ ਨੇ 16 ਮਾਰਚ 2014 ਵਿਚ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਇਸ ਮੁੱਦੇ ਉੱਤੇ ਡਾਕਟਰ ਮਨਮੋਹਨ ਸਿੰਘ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਪ੍ਰਗਟਾਈਆਂ ਭਾਵਨਾਵਾਂ ਨਾਲ ਇਤਫਾਕ ਰੱਖਦਾ ਹੈ।ਉਹਨਾਂ ਕਿਹਾ ਕਿ ਹੁਣ ਇਹ ਪਲਟੀ ਕਿਉਂ ਮਾਰੀ ਹੈ ? ਕੀ ਤੁਸੀਂ 1984 ਕਤਲੇਆਮ ਦੇ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਇਸ ਮਾਮਲੇ ਵਿਚ ਜੇਲ ਜਾਣ ਤੋਂ ਪਹਿਲਾਂ ਇਹ ਸੁਨੇਹਾ ਭੇਜ ਰਹੇ ਹੋ ਕਿ ਕਾਂਗਰਸ ਪਾਰਟੀ ਉਹਨਾਂ ਦੀ ਹਮਾਇਤ ਕਰਨਾ ਜਾਰੀ ਰੱਖੇਗੀ ਅਤੇ ਇਹ ਕਿ ਉਹਨਾਂ ਨੂੰ 1984 ਦੇ ਕਤਲੇਆਮ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਬਾਰੇ ਕੋਈ ਵੀ ਸਨਸਨੀਖੇਜ਼ ਖੁਲਾਸਾ ਨਹੀਂ ਕਰਨਾ ਚਾਹੀਦਾ ਹੈ।ਇਹ ਆਖਦਿਆਂ ਕਿ ਇਸ ਨਾਲ ਸਾਬਿਤ ਹੋ ਗਿਆ ਹੈ ਕਿ 1984 ਵਿਚ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਪਿੱਛੇ ਗਾਂਧੀ ਪਰਿਵਾਰ ਦਾ ਹੱਥ ਸੀ।ਸ. ਬਾਦਲ ਨੇ ਕਿਹਾ ਕਿ ਇਸ ਭੂਮਿਕਾ ਬਾਰੇ ਜਗਦੀਸ਼ ਟਾਈਟਲਰ ਪਹਿਲਾਂ ਹੀ ਇਹ ਕਹਿੰਦਿਆਂ ਇਕਬਾਲ ਕਰ ਚੁੱਕਿਆ ਹੈ ਕਿ 1 ਨਵੰਬਰ 1984 ਨੂੰ ਜਦੋਂ ਸਿੱਖਾਂ ਦਾ ਕਤਲੇਆਮ ਅਤੇ ਉਹਨਾਂ ਦੀ ਸੰਪਤੀ ਨੂੰ ਅੱਗਾਂ ਲਾਉਣ ਦਾ ਕੰਮ ਪੂਰੇ ਜੋਰਾਂ ਉੱਤੇ ਚੱਲ ਰਿਹਾ ਸੀ ਤਾਂ ਉਹ ਰਾਜੀਵ ਗਾਂਧੀ ਨੂੰ ਅੰਬੈਸਡਰ ਕਾਰ ਵਿਚ ਬਿਠਾ ਕੇ ਆਜ਼ਾਦਪੁਰ ਮੰਡੀ ਅਤੇ ਮੁਖਰਜੀ ਨਗਰ ਜਿਹੇ ਇਲਾਕਿਆਂ ਵਿਚ ਲੈ ਕੇ ਗਿਆ ਸੀ। ਇਹ ਬਿਆਨ ਇਸ ਗੱਲ ਨੂੰ ਕਬੂਲ ਕਰਨ ਦੇ ਤੁੱਲ ਹੈ ਕਿ ਰਾਜੀਵ ਗਾਂਧੀ ਨੇ ਖ਼ੁਦ ਆਪਣੀ ਨਿਗਰਾਨੀ ਹੇਠ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ।ਇਹ ਇੱਕ ਅਜਿਹਾ ਤੱਥ ਹੈ ,ਜਿਸ ਦੀ ਪੁਸ਼ਟੀ ਨਾਨਵਤੀ ਕਮਿਸ਼ਨ ਨੇ ਇਹ ਟਿੱਪਣੀ ਕਰਦਿਆਂ ਕੀਤੀ ਸੀ ਕਿ ਸਭ ਤੋਂ ਵੱਧ ਸਿੱਖ ਉਹਨਾਂ ਇਲਾਕਿਆਂ ਵਿਚ ਮਾਰੇ ਗਏ, ਜਿਹਨਾਂ ਵਿਚ 1 ਨਵੰਬਰ ਨੂੰ ਰਾਜੀਵ ਗਾਂਧੀ ਨੇ ਗੇੜਾ ਮਾਰਿਆ ਸੀ।ਇਹ ਟਿੱਪਣੀ ਕਰਦਿਆਂ ਕਿ ਰਾਹੁਲ ਗਾਂਧੀ 1984 ਸਿੱਖ ਕਤਲੇਆਮ ਵਿਚ ਟਾਈਟਲਰ ਅਤੇ ਸੱਜਣ ਦੀ ਭੂਮਿਕਾ ਬਾਰੇ ਜਾਣਦਾ ਸੀ।ਸ. ਬਾਦਲ ਨੇ ਕਿਹਾ ਕਿ ਇਸੇ ਕਾਰਣ 4 ਅਪ੍ਰੈਲ 2018 ਨੂੰ ਕਾਂਗਰਸ ਪਾਰਟੀ ਵੱਲੋਂ ਕੀਤੀ ਇੱਕ ਦਿਨ ਦੀ ਹੜਤਾਲ ਦੌਰਾਨ ਰਾਹੁਲ ਗਾਂਧੀ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਟਾਈਟਲਰ ਅਤੇ ਸੱਜਣ ਨੂੰ ਸਟੇਜ ਖਾਲੀ ਕਰਨ ਲਈ ਕਹਿ ਦਿੱਤਾ ਸੀ।ਇਸ ਤੋਂ ਪਹਿਲਾਂ ਕਾਂਗਰਸ ਨੇ ਇਸੇ ਵਜ੍ਹਾ ਕਰਕੇ ਟਾਈਟਲਰ ਤੋਂ ਮੰਤਰੀ ਦਾ ਅਹੁਦਾ ਖੋਹ ਲਿਆ ਸੀ ਅਤੇ ਉਸ ਨੂੰ ਲੋਕ ਸਭਾ ਦੀ ਚੋਣ ਵਾਸਤੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਰਾਹੁਲ ਗਾਂਧੀ ਨੂੰ ਇਹ ਆਖਦਿਆਂ ਕਿ ਉਹ 1984 ਦਾ ਕਤਲੇਆਮ ਕਰਨ ਵਾਲੇ ਇਹਨਾਂ ਬੁੱਚੜਾਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਸਕਦਾ ਹੈ।ਸ.ਬਾਦਲ ਨੇ ਕਿਹਾ ਕਿ ਜਦ ਤੱਕ ਅਜਿਹਾ ਘਿਣਾਉਣਾ ਕਾਰਾ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਹੁੰਦੀ, ਅਸੀਂ ਸਾਡੇ ਵੱਲੋਂ ਆਪਣੀ ਲੜਾਈ ਜਾਰੀ ਰੱਖਾਂਗੇ।ਉਹਨਾਂ ਨੇ ਰਾਹੁਲ ਨੂੰ ਮਸ਼ਵਰਾ ਦਿੱਤਾ ਕਿ ਜੇ ਉਸ ਨੇ ਦਿਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਸੱਚਮੁੱਚ ਸਤਿਕਾਰ ਹੈ, ਜਿਸ ਤਰ੍ਹਾਂ ਉਸ ਨੇ ਦਾਅਵਾ ਕੀਤਾ ਹੈ ਤਾਂ ਉਸ ਨੂੰ ਟਾਈਟਲਰ ਅਤੇ ਸੱਜਣ ਦੀ ਤੁਰੰਤ ਗਿਰਫਤਾਰੀ ਕਰਵਾਉਣੀ ਚਾਹੀਦੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਉੱਤੇ ਵਰਦਿਆਂ ਕਿਹਾ ਕਿ ਕਾਂਗਰਸੀ ਆਗੂ ਨੇ ਵਿਧਾਨ ਸਭਾ ਵਿਚ ਇੱਕ ਸਵਾਲ ਦਾ ਜੁਆਬ ਦਿੰਦਿਆਂ ਕਬੂਲ ਕੀਤਾ ਸੀ ਕਿ ਉਸ ਦੇ ਪਿਤਾ ਸੰਤੋਖ ਰੰਧਾਵਾ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦਾ ਸਵਾਗਤ ਕਰਦਿਆਂ ਸ੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕੀਤਾ ਸੀ। ਉਹਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ, ਰੰਧਾਵਾ ਨੇ ਹਾਲ ਹੀ ਵਿਚ ਗੁਰਬਾਣੀ ਨੂੰ ਵੀ ਤੋੜਿਆ-ਮਰੋੜਿਆ ਸੀ ਅਤੇ ਇਹ ਦਾਅਵਾ ਕੀਤਾ ਸੀ ਕਿ ਜਫ਼ਰਨਾਮਾ ਔਰੰਗਜੇਥਬ ਸਾਹਿਬ ਨੇ ਲਿਖਿਆ ਸੀ। ਉਹਨਾਂ ਕਿਹਾ ਕਿ ਸਿੱਖ ਕੌਮ ਰੰਧਾਵਾ ਨੂੰ ਅਜਿਹੀਆਂ ਗਲਤੀਆਂ ਲਈ ਕਦੀ ਮੁਆਫ ਨਹੀਂ ਕਰੇਗੀ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜਾਣਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਰੰਧਾਵਾ ਕੋਲੋਂ ਤੁਰੰਤ ਮੰਤਰੀ ਦਾ ਅਹੁਦਾ ਖੋਹਿਆ ਜਾਵੇ। ਸ.ਬਾਦਲ ਨੇ ਨਕਲੀ ਜਥੇਦਾਰਾਂ ਵੱਲੋਂ ਧਾਰੀ ਚੁੱਪ ਉੱਤੇ ਸਵਾਲ ਉਠਾਇਆ, ਜਿਹਨਾਂ ਨੇ ਰਾਹੁਲ ਗਾਂਧੀ ਦੇ ਬਿਆਨ ਉੱਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।ਉਹਨਾਂ ਕਿਹਾ ਕਿ ਇਸੇ ਤਰ•ਾਂ ਨਕਲੀ ਜਥੇਦਾਰਾਂ ਵੱਲੋਂ ਰੰਧਾਵਾ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਕਰਨਾ ਸਾਬਿਤ ਕਰਦਾ ਹੈ ਕਿ ਉਹ ਕਾਂਗਰਸ ਪਾਰਟੀ ਨਾਲ ਰਲੇ ਹੋਏ ਹਨ।ਇਸ ਮੌਕੇ ਪ੍ਰੈਸ ਕਾਨਫਰੰਸ ਵਿਚ ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ, ਮਨਜਿੰਦਰ ਸਿੰਘ ਸਿਰਸਾ ਅਤੇ ਐਨ ਕੇ ਸ਼ਰਮਾ ਵੀ ਹਾਜ਼ਿਰ ਸਨ। -PTCNews