ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਵਰਕਰਾਂ ਨਾਲ ਮੀਟਿੰਗ ਕਰਨ ਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ ਪ੍ਰੈੱਸ ਕਾਨਫਰੰਸ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇਂ ਹੱਥੀ ਲੈਂਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਗੱਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਸਾਬ੍ਹ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਦਿੱਲੀ ਕਿਸਾਨ ਸੰਘਰਸ਼ ਦੌਰਾਨ ਦਿੱਲੀ ’ਚ ਪੰਜਾਬ ਪੁਲਸ ਦੇ ਆਈ. ਜੀ. ਅਤੇ ਐੱਸ. ਐੱਸ. ਪੀਜ਼. ਦਿੱਲੀ ’ਚ ਕੀ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਮੀਟਿੰਗ ਕਿਸਾਨ ਜਥੇਬੰਦੀਆਂ ਸਮੇਤ ਕੇਂਦਰ ਸਰਕਾਰ ਵਿਚਾਲੇ ਹੁੰਦੀ ਹੈ ਅਤੇ ਉਨ੍ਹਾਂ ਮੀਟਿੰਗਾਂ ’ਚ ਪੰਜਾਬ ਪੁਲਸ ਦੇ ਆਈ. ਜੀ., ਐੱਸ. ਐੱਸ. ਪੀਜ਼. ਬੈਠੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਕਈ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਕਿ ਗਿਆ ਹੈ ਕਿ ਆਈ. ਜੀ. ਅਤੇ ਐੱਸ. ਐੱਸ. ਪੀਜ਼ ਵੱਲੋਂ ਉਨ੍ਹਾਂ ’ਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਭਾਜਪਾ ਅਤੇ ਅਮਿਤ ਸ਼ਾਹ ਦੇ ਦਬਾਅ ਹੇਠ ਹੁਣ ਕੇਸ ਵੀ ਰਜਿਸਟਰ ਕਰਨੇ ਸ਼ੁਰੂ ਕਰ ਦਿੱਤੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਹਿੰਦੁਸਤਾਨ ਦੇ ਇਤਿਹਾਸ ’ਚ ਪਹਿਲੀ ਵਾਰ ਵੇਖਿਆ ਹੈ ਕਿ ਜੇਕਰ ਕੋਈ ਬਾਈਕਾਟ ਕਰਨ ਦਾ ਸੱਦਾ ਦਿੰਦਾ ਹੈ ਤਾਂ ਉਸ ’ਤੇ ਦੋਸ਼ਧੋਹ ਦਾ ਪਰਚਾ ਦਰਜ ਦੇ ਦਿੱਤਾ ਜਾਂਦਾ ਹੈ। ਸੁਖਬੀਰ ਨੇ ਕਿਹਾ ਕਿ ਸੈਂਟਰ ਦੀ ਸਰਕਾਰ ਦੇ ਇਸ਼ਾਰਿਆਂ ’ਤੇ ਵੀ ਕੈਪਟਨ ਅਮਰਿੰਦਰ ਸਿੰਘ ਚੱਲ ਰਹੇ ਹਨ ਕਿਉਂਕਿ ਕੈਪਟਨ ਸਾਬ੍ਹ ਦੀਆਂ ਕਮਜੋਰੀਆਂ ਸੈਂਟਰ ਸਰਕਾਰ ਦੇ ਹੱਥ ’ਚ ਹਨ ਅਤੇ ਸੈਂਟਰ ਸਰਕਾਰ ਹੀ ਉਨ੍ਹਾਂ ਨੂੰ ਆਪਣੇ ਇਸ਼ਾਰਿਆਂ ’ਤੇ ਨਚਾ ਰਹੀ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨੀ ਅੰਦੋਲਨ ਪੰਜਾਬੀਆਂ ਦਾ ਅੰਦੋਲਨ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਦਾ ਫਰਜ਼ ਬਣਦਾ ਸੀ ਕਿ ਉਹ ਕਿਸਾਨ ਅੰਦੋਲਨ ਦੀ ਅਗਵਾਈ ਕਰਦੇ। ਉਨ੍ਹਾਂ ਕਿਹਾ ਕਿ ਇਕੱਲੇ ਮਹਿਲਾ ਜਾਂ ਫਾਰਮ ’ਚ ਬੈਠ ਕੇ ਕੰਮ ਨਹੀਂ ਚੱਲਣਾ ਹੈ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਸਾਬ੍ਹ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇਹ ਤਿੰਨ ਕਾਨੂੰਨਾਂ ਸਬੰਧੀ ਪੰਜਾਬ ਦੀ ਅਸੈਂਬਲੀ ’ਚ ਪਾਸ ਕੀਤੇ ਗਏ ਐਕਟ ਨੂੰ ਕਿਉਂ ਨਹੀਂ ਵਾਪਸ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਅਸੈਂਬਲੀ ’ਚ 2017 ’ਚ ਤਿੰਨੋਂ ਐਕਟ ਪਾਸ ਕੀਤੇ ਸਨ। ਜੇਕਰ ਅੱਜ ਮੋਦੀ ਸਰਕਾਰ ਇਹ ਤਿੰਨੋਂ ਕਾਨੂੰਨ ਵਾਪਸ ਵੀ ਲੈ ਲੈਂਦੀ ਹਾਂ ਤਾਂ ਪੰਜਾਬ ’ਚ ਫਿਰ ਵੀ ਲਾਗੂ ਰਹਿਣਗੇ ਕਿਉਂਕਿ ਕੈਪਟਨ ਸਾਬ੍ਹ ਨੇ ਅਜੇ ਤੱਕ ਐਕਟ ਵਾਪਸ ਨਹੀਂ ਕੀਤੇ ਹਨ।
ਹੋਰ ਪੜ੍ਹੋ :ਮੀਂਹ ਤੇ ਠੰਡ ‘ਚ ਠਰਦੇ ਕਿਸਾਨਾਂ ਲਈ DSGMC ਨੇ ਬੱਸਾਂ ਨੂੰ ਇੰਝ ਬਣਾਇਆ ‘ਰੈਨ ਬਸੇਰਾ’
ਇਸ ਮੌਕੇ ਸੁਖਬੀਰ ਬਾਦਲ ਨੇ ਕੈਪਟਨ ਨੂੰ ਚੈਲੰਜ ਕਰਦੇ ਕਿਹਾ ਕਿ ਕੀ ਤੁਹਾਡੇ ਕਾਂਗਰਸ ਦੇ ਚੋਣ ਪੱਤਰ ’ਚ ਇਹ ਨਹੀਂ ਲਿਖਿਆ ਸੀ ਕਿ ਪ੍ਰਾਈਵੇਟ ਮੰਡੀਆਂ ਲਿਆਵਾਂਗੇ? ਉਨ੍ਹਾਂ ਕਿਹਾ ਕਿ ਹਿੰਮਤ ਹੈ ਤਾਂ ਵਿਖਾਉਣ ਉਹ ਚੋਣ ਪੱਤਰ ਜਿਸ ’ਚ ਇਹ ਲਿਖਿਆ ਹੋਵੇ ਕਿ ਪ੍ਰਾਈਵੇਟ ਮੰਡੀਆਂ ਨਹੀਂ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ 2017-19 ਦੇ ਕਾਂਗਰਸ ਦੇ ਚੋਣ ਪੱਤਰ ’ਚ ਇਹ ਸਾਫ਼ ਤੌਰ ’ਤੇ ਲਿਖਿਆ ਸੀ ਕਿ ਪ੍ਰਾਈਵੇਟ ਮੰਡੀਆਂ ਲਿਆਉਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਨਾਲ ਗੱਦਾਰੀ ਕਰ ਰਹੇ ਹਨ।