ਰਾਜੌਰੀ 'ਚ ਫੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ; 3 ਜਵਾਨ ਸ਼ਹੀਦ, 2 ਅੱਤਵਾਦੀ ਢੇਰ
ਜੰਮੂ-ਕਸ਼ਮੀਰ, 11 ਅਗਸਤ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਦਰਹਾਲ ਖੇਤਰ 'ਚ ਪਰਗਲ 'ਚ ਫੌਜ ਦੀ ਇਕ ਕੰਪਨੀ ਦੇ ਬੇਸ 'ਤੇ ਦੋ ਅੱਤਵਾਦੀਆਂ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਭਾਰਤੀ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਸ਼ੱਕੀ ਆਤਮਘਾਤੀ ਸਮੂਹ ਦੇ ਦੋਵੇਂ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਗੋਲੀਆਂ ਨਾਲ ਛੰਨੀ ਕਰ ਮਾਰ ਮੁਕਾਇਆ। ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ) ਮੁਕੇਸ਼ ਸਿੰਘ ਨੇ ਕਿਹਾ, "ਕਿਸੇ (ਅੱਤਵਾਦੀ) ਨੇ ਪਰਗਲ ਵਿਖੇ ਆਰਮੀ ਕੈਂਪ ਦੀ ਵਾੜ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਸੰਤਰੀ ਨੇ ਚੁਣੌਤੀ ਦਿੱਤੀ ਅਤੇ ਗੋਲੀਬਾਰੀ ਹੋਈ।" ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਸੁਰੱਖਿਆ ਬਲਾਂ 'ਤੇ ਹੋਏ ਘਿਨੌਣੇ ਹਮਲੇ ਦੀ ਨਿੰਦਾ ਕੀਤੀ ਹੈ। ਨੈਸ਼ਨਲ ਕਾਨਫਰੰਸ (ਐਨਸੀ) ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ, "ਰਾਜੌਰੀ ਵਿੱਚ ਅਤਿਵਾਦੀ ਹਮਲੇ ਤੋਂ ਬਾਅਦ ਡਿਊਟੀ ਦੌਰਾਨ ਤਿੰਨ ਸੈਨਿਕਾਂ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਹਮਲੇ ਦੀ ਨਿੰਦਾ ਕਰਦੇ ਹੋਏ ਮੈਂ ਪਰਿਵਾਰਾਂ ਪ੍ਰਤੀ ਸੰਵੇਦਨਾ ਭੇਜਦਾ ਹਾਂ ਅਤੇ ਹਮਲੇ ਵਿੱਚ ਜ਼ਖਮੀ ਹੋਏ ਅਧਿਕਾਰੀਆਂ ਅਤੇ ਜਵਾਨਾਂ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਕਰਦਾਂ" ਸੁਰੱਖਿਆ ਅਧਿਕਾਰੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਹੋਰ ਦਲਾਂ ਨੂੰ ਸਥਾਨ 'ਤੇ ਰਵਾਨਾ ਕਰ ਦਿੱਤਾ ਗਿਆ ਹੈ। ਇਹ ਹਮਲਾ 75ਵੇਂ ਸੁਤੰਤਰਤਾ ਦਿਵਸ ਦੇ ਜਸ਼ਨ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ। ਇੱਕ ਦਿਨ ਪਹਿਲਾਂ, ਬਡਗਾਮ ਵਿੱਚ ਸੁਰੱਖਿਆ ਬਲਾਂ ਦੁਆਰਾ ਲਸ਼ਕਰ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ। ਮਾਰੇ ਗਏ ਅੱਤਵਾਦੀਆਂ 'ਚੋਂ ਇਕ ਨਾਗਰਿਕ ਰਾਹੁਲ ਭੱਟ ਅਤੇ ਅਮਰੀਨ ਭੱਟ ਦੀ ਹੱਤਿਆ 'ਚ ਸ਼ਾਮਲ ਸੀ। ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ -PTC News