ਯੂਕਰੇਨ ਤੋਂ ਪਰਤੇ ਮੈਡੀਕਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਪੂਰੀ ਕਰਵਾਉਣ ਦੀ ਕੀਤੀ ਮੰਗ
ਚੰਡੀਗੜ੍ਹ : ਯੂਕਰੇਨ ਤੋਂ ਪਰਤੇ ਮੈਡੀਕਲ ਸਟੂਡੈਂਟਸ ਦੇ ਇਕ ਵਫ਼ਦ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨਾਲ ਮੁਲਾਕਾਤ ਕੀਤੀ। ਮੈਡੀਕਲ ਸਟੂਡੈਂਟਸ ਵੱਲੋਂ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਭਵਿੱਖ ਦੀ ਗੌਰ ਕੀਤੀ ਜਾਵੇ ਅਤੇ ਨੈਸ਼ਨਲ ਮੈਡੀਕਲ ਕੌਂਸਲ ਨਾਲ ਗੱਲਬਾਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਵਿਦਿਆਰਥੀਆਂ ਬਾਰੇ ਕੋਈ ਨੀਤੀ ਬਣ ਸਕੇ ਜਿਹੜੇ ਵਿਦਿਆਰਥੀ ਯੂਕਰੇਨ ਤੋਂ ਵਾਪਸ ਪਰਤੇ ਹਨ। ਵਿਦਿਆਰਥੀਆਂ ਨੇ ਡਾ. ਵਿਜੈ ਸਿੰਗਲਾ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਆਪ੍ਰੇਸ਼ਨ ਗੰਗਾ ਰਾਹੀਂ ਕੱਢਣ ਲਈ ਧੰਨਵਾਦ। ਉਨ੍ਹਾਂ ਨੇ ਅੱਗੇ ਅਪੀਲ ਕੀਤੀ ਜਿੰਨੇ ਵੀ ਵਿਦਿਆਰਥੀ ਯੂਕਰੇਨ ਤੋਂ ਪਰਤੇ ਹਨ ਉਨ੍ਹਾਂ ਦੀ ਪੜ੍ਹਾਈ ਅਤੇ ਪੈਸਾ ਖ਼ਰਾਬ ਹੋ ਰਿਹਾ ਹੈ ਤੇ ਮੰਗ ਕੀਤੀ ਕਿ ਉਨ੍ਹਾਂ ਦੀ ਮੈਡੀਕਲ ਦੀ ਪੜ੍ਹਾਈ ਪੂਰੀ ਕਰਵਾਉਣ ਲਈ ਬੰਦੋਬਸਤ ਕੀਤਾ ਜਾਵੇ। ਵਿਦਿਆਰਥੀਆਂ ਨੇ ਕਿਹਾ ਕਿ ਦਾ ਭਵਿੱਖ ਕਾਫੀ ਧੁੰਦਲਾ ਨਜ਼ਰ ਆ ਰਿਹਾ ਹੈ। ਉਨ੍ਹਾ ਅੱਗੇ ਕਿਹਾ ਕਿ ਜੇ ਭਾਰਤ ਵਿੱਚ ਹੀ ਮੈਡੀਕਲ ਦੀ ਪੜ੍ਹਾਈ ਸਸਤੀ ਤੇ ਲੋੜੀਂਦੀਆਂ ਸੀਟਾਂ ਹੋਣ ਤਾਂ ਵਿਦਿਆਰਥੀ ਹੋਰ ਦੇਸ਼ਾਂ ਵਿੱਚ ਕਿਉਂ ਜਾਣ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਭਾਰਤ ਵਿੱਚ ਮੈਡੀਕਲ ਖੇਤਰ ਦੇ ਭਵਿੱਖ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਰਕਾਰ ਆਪਣੇ ਪੱਧਰ ਉਤੇ ਉਚਿਤ ਕਦਮ ਚੁੱਕੇਗੀ। ਉਨ੍ਹਾਂ ਨੇ ਮੰਗ ਕੀਤੀ ਕਿ ਨੈਸ਼ਨਲ ਮੈਡੀਕਲ ਕੌਂਸਲ ਨਾਲ ਰਾਬਤਾ ਕਾਇਮ ਕਰ ਕੇ ਵਿਦਿਆਰਥੀਆਂ ਦੀ ਅੱਗੇ ਦੀ ਪੜ੍ਹਾਈ ਭਾਰਤ ਵਿੱਚ ਹੀ ਪੂਰੀ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀ ਗਿਣਤੀ ਸੱਤ ਸੌ ਦੇ ਕਰੀਬ ਹੈ। ਇਹ ਵੀ ਪੜ੍ਹੋ : ਰਾਘਵ ਚੱਢਾ ਦੀ 'ਕੈਟਵਾਕ' ਤੋਂ ਭੜਕੀ ਕਾਂਗਰਸ: ਆਗੂਆਂ ਨੇ ਕਿਹਾ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ