ਬਜਟ ਸੈਸ਼ਨ 'ਚ ਪੰਜਾਬੀ ਯੂਨੀਵਰਸਿਟੀ ਲਈ ਐਲਾਨੀ ਵਿੱਤੀ ਸਹਾਇਤਾ ਨੂੰ ਲੈ ਕੇ ਸਟੂਡੈਂਟਸ ਫੈਡਰੇਸ਼ਨ ਵੱਲੋਂ ਵਿਰੋਧ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਬਜਟ ਪੇਸ਼ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਲਈ 200 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਸਟੂਡੈਂਟਸ ਫੈਡਰੇਸ਼ਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਜ਼ਟ ਸੈਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਐਲਾਨਿਆ ਬਜਟ ਉਠ ਦੇ ਮੂੰਹ ਵਿੱਚ ਜ਼ੀਰਾ ਵੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ 200 ਕਰੋੜ ਤਾਂ ਪਹਿਲਾਂ ਹੀ ਘਾਟੇ ਵਿੱਚ ਹੈ , ਇਹ ਪੈਸਾ ਤਾਂ ਉੱਧਰ ਹੀ ਲੱਗ ਜਾਵੇਗਾ। ਜਥੇਬੰਦੀ ਨੇ ਸਵਾਲ ਚੁੱਕਿਆ ਹੈ ਕਿ 350 ਕਰੋੜ ਜੋ ਯੂਨੀਵਰਸਿਟੀ ਤੁਰੰਤ ਚੱਲਣ ਲਈ ਚਾਹੀਦਾ ਹੈ ਉਹ ਕਿੱਥੋਂ ਆਵੇਗਾ ? ਜਥੇਬੰਦੀ ਦਾ ਕਹਿਣਾ ਹੈ ਕਿ ਯੂਨਿਵਰਸਿਟੀ ਦੇ ਸਿਰ ਚੜਿਆ 150 ਕਰੋੜ ਦਾ ਕਰਜ਼ਾ ਕੋਣ ਉਤਾਰੇਗਾ ? ਪੰਜਾਬੀ ਯੂਨੀਵਰਸਿਟੀ ਲਈ ਸਰਕਾਰ ਦੇ ਐਲਾਨ ਨੂੰ ਸਿਰਫ ਊਠ ਦੇ ਮੂੰਹ ਵਿੱਚ ਜ਼ੀਰਾ ਦੱਸਿਆ ਜਾ ਰਿਹਾ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੀ ਉਚੇਰੀ ਸਿੱਖਿਆ ਪ੍ਰਤੀ ਇਹ ਗੈਰ ਜਿੰਮੇਵਾਰਾਨਾ ਰੱਵਈਆ ਇਹ ਗੱਲ ਸਾਫ ਕਰਦਾ ਹੈ ਕਿ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗੂ ਸਿੱਖਿਆ ਨੂੰ ਪ੍ਰਾਈਵੇਟ ਕਰਨ ਅਤੇ ਜਨਤਕ ਵਿਦਿਅਕ ਅਦਾਰਿਆਂ ਨੂੰ ਵੱਡੇ ਕਾਰਪੋਰੇਟਾਂ ਨੂੰ ਵੇਚਣ ਅਤੇ ਆਮ ਲੋਕਾਂ ਦੇ ਹੱਥ ਵਿਚੋਂ ਸਿੱਖਿਆ ਖੋਹਣ ਦੇ ਏਜੰਡੇ ਉੱਤੇ ਚੱਲ ਰਹੀ ਹੈ। ਪੰਜਾਬ ਸਟੂਡੈਂਟਸ ਫੈਡਰੇਸ਼ਨ ਇਹ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਯੂਨੀਵਰਸਿਟੀ ਦੀ ਪੂਰਨ ਸਹਾਇਤਾ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਖ਼ਿਲਾਫ਼ ਵਿਦਿਆਰਥੀ ਤਿੱਖਾ ਸੰਘਰਸ਼ ਕਰਨਗੇ । ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਮੰਗ- 1. ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੁੱਚੇ ਕਰਜ਼ੇ ਨੂੰ ਮੁਆਫ਼ ਕਰੇ। 2. ਵਿੱਦਿਆ ਵੇਚਣ ਖਰੀਦਣ ਵਾਲੀ ਵਸਤੂ ਨਹੀਂ ਹੈ ਇਸ ਲਈ ਪੰਜਾਬੀ ਯੂਨੀਵਰਸਿਟੀ ਦੀਆਂ ਸਾਰੀਆਂ ਵਿੱਤੀ ਜ਼ਿੰਮੇਵਾਰੀਆਂ ਪੰਜਾਬ ਸਰਕਾਰ ਚੁੱਕੇ। 3. ਇਸ ਵਾਸਤੇ ਉੱਕਾ ਪੁੱਕਾ ਗਰਾਂਟ ਦੀ ਥਾਂ 'ਤੇ ਮਹੀਨਾਵਾਰ ਜਾਂ ਸਾਲਾਨਾ ਪੱਕੀ ਗਰਾਂਟ ਦਿੱਤੀ ਜਾਵੇ। ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੰਜਾਬ ਸਰਕਾਰ ਉੱਤੇ ਇਲਜ਼ਾਮ ਲਗਾਇਆ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਗਰਾਂਟ ਦਾ ਜੋ ਬਜਟ ਜ਼ਿਕਰ ਕੀਤਾ ਹੈ ਉਹ ਮਹਿਜ਼ ਇੱਕ ਝੂਠ ਦਾ ਪੁਲੰਦਾ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਅੱਜ ਉਨ੍ਹਾਂ ਨੇ ਮੁਲਾਕਾਤ ਕਰਨ ਦਾ ਸਮਾਂ ਦਿੱਤਾ ਸੀ ਜੋ ਕਿ ਮੁਲਾਕਾਤ ਤੋਂ ਉਹ ਭੱਜ ਗਏ ਹਨ। ਵਿਦਿਆਰਥੀ ਜਥੇਬੰਦੀ ਦੇ ਬੁਲਾਰੇ ਅਮਨਦੀਪ ਸਿੰਘ ਅਨੁਸਾਰ ਉਹ ਆਉਂਦੇ ਦਿਨਾਂ ਤੱਕ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਨੂੰ ਸੁਧਾਰਨ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਣਗੇ। ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਦਾ ਸੁਆਗਤ ਕੀਤਾ ਸੀ ਪਰ ਇਹ ਗ੍ਰਾਂਟ ਇੱਕ ਭੰਬਲਭੂਸਾ ਪੈਦਾ ਕਰਦੀ ਹੈ ਕਿ 200 ਕਰੋੜ ਰੈਂਗਲਰ ਗਰਾਂਟ ਤੋਂ ਅਲੱਗ ਹੈ। ਇਹ ਵੀ ਪੜ੍ਹੋ:ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਆਕਾਸ਼ ਅੰਬਾਨੀ ਬੋਰਡ ਦੇ ਬਣੇ ਨਵੇਂ ਚੇਅਰਮੈਨ -PTC News