ਟ੍ਰਾਈਸਿਟੀ 'ਚ ਟੈਕਸੀ ਡਰਾਈਵਰਾਂ ਵੱਲੋਂ ਹੜਤਾਲ, ਲੋਕ ਪਰੇਸ਼ਾਨ
ਚੰਡੀਗੜ੍ਹ : ਅੱਜ ਲੋਕਾਂ ਨੂੰ ਚੰਡੀਗੜ੍ਹ ਸਮੇਤ ਪੰਚਕੂਲਾ ਤੇ ਮੁਹਾਲੀ ਆਉਣ-ਜਾਣ ਲਈ ਕੈਬ ਤੇ ਟੈਕਸੀ ਨਹੀਂ ਮਿਲੇਗੀ। ਟ੍ਰਾਈਸਿਟੀ ਕੈਬ ਐਸੋਸੀਏਸ਼ਨ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਚਲੇ ਗਏ। ਅਜਿਹੇ 'ਚ ਕੁਝ ਲੋਕਾਂ ਨੂੰ ਦਫਤਰ ਜਾਣ, ਹੋਰ ਕੰਮ ਜਾਂ ਯਾਤਰਾ ਆਦਿ 'ਚ ਦਿੱਕਤ ਆ ਸਕਦੀ ਹੈ। ਟ੍ਰਾਈਸਿਟੀ ਕੈਬ ਐਸੋਸੀਏਸ਼ਨ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਬਾਈਕ ਟੈਕਸੀਆਂ ਤੇ ਕਾਰਾਂ 'ਤੇ ਕਾਰਵਾਈ ਨਾ ਹੋਣ ਕਾਰਨ ਨਾਰਾਜ਼ ਹੈ। ਅਜਿਹੇ 'ਚ ਐਸੋਸੀਏਸ਼ਨ ਮੋਹਾਲੀ ਦੇ ਫੇਜ਼-8 'ਚ ਮੋਹਾਲੀ-ਚੰਡੀਗੜ੍ਹ ਬਾਰਡਰ 'ਤੇ ਇਕੱਠ ਕਰੇਗੀ। ਉਨ੍ਹਾਂ ਦਾ ਪ੍ਰੋਗਰਾਮ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਦਾ ਘਿਰਾਓ ਕਰਨ ਦਾ ਹੈ। ਪ੍ਰਸ਼ਾਸਨ ਤੇ ਪੁਲਿਸ ਚੌਕਸ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਚੰਡੀਗੜ੍ਹ ਦੀ ਸਟੇਟ ਟਰਾਂਸਪੋਰਟ ਅਥਾਰਟੀ (ਐਸਟੀਏ) ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੀ ਹੈ। ਇਸ ਦੇ ਬਾਵਜੂਦ ਨਾਜਾਇਜ਼ ਟੈਕਸੀਆਂ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀਆਂ ਹਨ। ਕੁਝ ਐਪ ਅਧਾਰਤ ਬਾਈਕ ਟੈਕਸੀਆਂ ਤੇ ਕਾਰਾਂ ਹਨ, ਜੋ ਕਿ ਐਸਟੀਏ ਦੁਆਰਾ ਮਨਜ਼ੂਰ ਨਹੀਂ ਹਨ, ਫਿਰ ਵੀ ਉਹ ਟ੍ਰਾਈਸਿਟੀ 'ਚ ਚੱਲ ਰਹੀਆਂ ਹਨ। ਇਹ ਵੀ ਪੜ੍ਹੋ : Weather Updates: ਦੋ ਦਿਨ ਭਾਰੀ ਮੀਂਹ ਤੋਂ ਬਾਅਦ ਮੌਸਮ ਹੋਇਆ ਸਾਫ਼, ਜਾਣੋ ਆਪਣੇ ਸ਼ਹਿਰ ਦੇ ਹਾਲ ਇਸ ਕਾਰਨ ਰਜਿਸਟਰਡ ਕੈਬ ਡਰਾਈਵਰਾਂ ਦਾ ਕਾਰੋਬਾਰ ਬਰਬਾਦ ਹੋ ਰਿਹਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਟ੍ਰਾਈਸਿਟੀ 'ਚ 10 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਬਾਈਕ, ਟੈਕਸੀ ਤੇ ਕਾਰਾਂ ਚੱਲ ਰਹੀਆਂ ਹਨ। ਇਨ੍ਹਾਂ ਨੂੰ ਪ੍ਰਾਈਵੇਟ ਵਾਹਨਾਂ ਵਜੋਂ ਰਜਿਸਟਰਡ ਕਰਕੇ ਟੈਕਸੀਆਂ ਵਜੋਂ ਵਰਤਿਆ ਜਾ ਰਿਹਾ ਹੈ। ਅਜਿਹੀਆਂ ਗੈਰ-ਕਾਨੂੰਨੀ ਟੈਕਸੀਆਂ 'ਚ ਸਵਾਰੀਆਂ ਵੀ ਸੁਰੱਖਿਅਤ ਨਹੀਂ ਹਨ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕੈਬ ਡਰਾਈਵਰ ਵੀ ਆਪਣੇ ਵਾਹਨਾਂ ਦੀਆਂ ਚਾਬੀਆਂ ਐਸਟੀਏ ਨੂੰ ਸੌਂਪਣ ਲਈ ਸੈਕਟਰ-18 ਦਫ਼ਤਰ ਦੇ ਬਾਹਰ ਇਕੱਠੇ ਹੋਏ ਸਨ। ਇਸ ਦੌਰਾਨ ਇਕ ਇੰਡੈਂਟ ਵੀ ਸੌਂਪਿਆ ਗਿਆ। ਇਸ ਤੋਂ ਕੁਝ ਸਮਾਂ ਪਹਿਲਾਂ ਵੀ ਐੱਸਟੀਏ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨ ਹੋਇਆ ਸੀ ਪਰ ਹੁਣ ਤੱਕ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। -PTC News