ਸਟਰੀਟ ਲਾਈਟ ਘੁਟਾਲਾ: ਕਿਸੇ ਵੇਲੇ ਵੀ ਹੋ ਸਕਦੀ ਹੈ ਕੈਪਟਨ ਸੰਦੀਪ ਸੰਧੂ ਦੀ ਗ੍ਰਿਫ਼ਤਾਰੀ
ਚੰਡੀਗੜ੍ਹ, 5 ਅਕਤੂਬਰ: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਸਨ, ਨੂੰ ਵਿਜੀਲੈਂਸ ਬਿਊਰੋ ਨੇ ਮੁੱਲਾਂਪੁਰ ਸਟਰੀਟ ਲਾਈਟ ਘੁਟਾਲੇ ਵਿੱਚ ਨਾਮਜ਼ਦ ਕੀਤਾ ਹੈ। ਕੈਪਟਨ ਸੰਦੀਪ ਸੰਧੂ ਮੁੱਲਾਂਪੁਰ ਦਾਖਾ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਸਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਦੇ ਉਮੀਦਵਾਰ ਸਨ। ਜਦੋਂ ਤੋਂ ਸਟਰੀਟ ਲਾਈਟ ਘੁਟਾਲਾ ਸਾਹਮਣੇ ਆਇਆ ਹੈ, ਉਦੋਂ ਤੋਂ ਹੀ ਕਿਆਸ ਲਗਾਈਆਂ ਜਾ ਰਹੀਆਂ ਸਨ ਕਿ ਵਿਜੀਲੈਂਸ ਇਸ ਮਾਮਲੇ ਵਿੱਚ ਕੈਪਟਨ ਸੰਦੀਪ ਸੰਧੂ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਟੀਮ ਨੇ ਇਸ ਮਾਮਲੇ ਵਿੱਚ ਬੀਡੀਪੀਓ ਸਤਵਿੰਦਰ ਸਿੰਘ ਕੰਗ ਅਤੇ ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਕੈਪਟਨ ਸੰਦੀਪ ਸੰਧੂ ਦੇ ਸਾਲੇ ਹਰਪ੍ਰੀਤ ਨੂੰ ਵੀ ਨਾਮਜ਼ਦ ਕੀਤਾ ਹੈ। ਹੁਣ ਵਿਜੀਲੈਂਸ ਨੇ ਕੈਪਟਨ ਸੰਦੀਪ ਸੰਧੂ ਨੂੰ ਨਾਮਜ਼ਦ ਕੀਤਾ ਹੈ। ਦੱਸਿਆ ਜਾ ਰਿਹਾ ਕਿ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਆਪਣਾ ਫੋਨ ਬੰਦ ਕਰ ਦਿੱਤਾ ਹੈ ਅਤੇ ਉਹ ਸ਼ਹਿਰ ਛੱਡ ਕੇ ਚਲਾ ਗਿਆ ਹੈ। ਦੱਸ ਦੇਈਏ ਕਿ ਮੁੱਲਾਂਪੁਰ ਵਿੱਚ 65 ਲੱਖ ਰੁਪਏ ਦਾ ਸਟਰੀਟ ਲਾਈਟ ਘੋਟਾਲਾ ਸਾਹਮਣੇ ਆਇਆ ਹੈ। ਕਾਂਗਰਸ ਦੀ ਕੈਪਟਨ ਸਰਕਾਰ ਵਿੱਚ ਕੈਪਟਨ ਸੰਦੀਪ ਸੰਧੂ ਕਾਫੀ ਮਜ਼ਬੂਤ ਸਨ। ਜ਼ਿਮਨੀ ਚੋਣ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਸੀ। ਕੈਪਟਨ ਅਮਰਿੰਦਰ ਸਿੰਘ ਖੁਦ ਉਨ੍ਹਾਂ ਦੀ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਸਨ ਅਤੇ ਮੁੱਲਾਂਪੁਰ 'ਚ ਰੋਡ ਸ਼ੋਅ ਵੀ ਕੀਤਾ ਸੀ। ਪਰ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਜਿੱਤਣ ਵਿੱਚ ਕਾਮਯਾਬ ਰਹੇ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੇ ਇੱਕ ਵਾਰ ਫਿਰ ਸੰਦੀਪ ਸੰਧੂ 'ਤੇ ਦਾਅ ਖੇਡਿਆ। ਪਰ ਇਸ ਵਾਰ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦੀਆਂ 36 ਥਾਵਾਂ 'ਤੇ ਮਨਾਇਆ ਜਾਵੇਗਾ ਦੁਸਹਿਰਾ, 1500 ਪੁਲਿਸ ਮੁਲਾਜ਼ਮ ਤਾਇਨਾਤ ਉੱਥੇ ਹੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੀਨੀਅਰ ਕਾਂਗਰਸੀ ਆਗੂ ਤੇ ਵਿਧਾਨ ਸਭਾ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਨਾਮਜ਼ਦਗੀ ਦੀ ਨਿਖੇਧੀ ਕੀਤੀ ਹੈ। ਸਿਆਸੀ ਬਦਨਾਮੀ ਕਾਰਨ ਕਾਂਗਰਸੀਆਂ 'ਤੇ ਇਕ ਤੋਂ ਬਾਅਦ ਇਕ ਹੋ ਰਹੇ ਝੂਠੇ ਕੇਸਾਂ ਦੀ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਖਤਮ ਹੋ ਚੁੱਕੀ ਹੈ। ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਗੈਂਗਸਟਰ ਸ਼ਰੇਆਮ ਹੱਤਿਆਵਾਂ ਕਰਕੇ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਰਹੇ ਹਨ। ਜੇਲ੍ਹਾਂ ਵਿੱਚੋਂ ਨਸ਼ਿਆਂ ਦਾ ਧੰਦਾ ਖੁੱਲ੍ਹੇਆਮ ਚੱਲ ਰਿਹਾ ਹੈ। ਜਨਰਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਹਿਮਾਚਲ ਅਤੇ ਗੁਜਰਾਤ ਚੋਣਾਂ ਜਿੱਤਣ ਲਈ ਸਾਬਕਾ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਸੀਨੀਅਰ ਆਗੂਆਂ 'ਤੇ ਝੂਠੇ ਕੇਸ ਦਰਜ ਕਰਕੇ ਪੰਜਾਬ ਦੇ ਲੋਕਾਂ ਦਾ ਧਿਆਨ ਭੱਟਕਾ ਰਹੀ ਹੈ। -PTC News