15 ਅਗਸਤ ਤੋਂ ਪਹਿਲਾਂ ਕੁਰੂਕਸ਼ੇਤਰ ਨੂੰ ਦਹਿਲਾਉਣ ਦੀ ਕੋਸ਼ਿਸ਼ ਨੂੰ STF ਨੇ ਕੀਤਾ ਨਾਕਾਮ
ਕੁਰੂਕਸ਼ੇਤਰ: 15 ਅਗਸਤ ਤੋਂ ਪਹਿਲਾਂ ਧਰਮਨਗਰੀ ਕੁਰੂਕਸ਼ੇਤਰ ਨੂੰ ਦਹਿਲਾਉਣ ਦੀ ਕੋਸ਼ਿਸ਼ ਨੂੰ STF ਦੀ ਟੀਮ ਨੇ ਨਾਕਾਮ ਕਰ ਦਿੱਤਾ। ਸੂਤਰਾਂ ਅਨੁਸਾਰ ਸ਼ਾਹਬਾਦ ਸਬ-ਡਿਵੀਜ਼ਨ ਦੇ ਜੀ.ਟੀ ਰੋਡ 'ਤੇ ਮਿਰਚੀ ਢਾਬਾ ਨੇੜੇ ਇੱਕ ਸ਼ੱਕੀ ਦੀ ਨਿਸ਼ਾਨਦੇਹੀ 'ਤੇ ਇੱਕ ਦੇਸੀ ਬੰਬ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਮੁਜਤਾਬਿਕ ਇਸਨੂੰ ਟਾਈਮਰ ਵੀ ਲਗਾਇਆ ਗਿਆ ਸੀ। ਇਸ ਨਾਲ ਹਰਿਆਣਾ ਦੇ ਕੁਰੂਕਸ਼ੇਤਰ 'ਚ ਵੀਰਵਾਰ ਨੂੰ ਅਚਾਨਕ ਸਨਸਨੀ ਫੈਲ ਗਈ। ਕੁਰੂਕਸ਼ੇਤਰ ਦੇ ਬੰਬ ਕਾਬੂ ਹੋਣ ਕਰਕੇ STF ਦੀ ਟੀਮ ਪੰਜਾਬ ਦੇ ਸ਼ਾਹਬਾਦ ਮਾਰਕੰਡਾ ਥਾਣੇ 'ਚ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਤਰਨਤਾਰਨ ਪੰਜਾਬ ਦਾ ਹੈ ਤੇ ਉਸਦਾ ਨਾਂ ਸ਼ਮਸ਼ੇਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਹੈ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਆਲੇ-ਦੁਆਲੇ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਵਿਸਫੋਟਕਾਂ ਦੀ ਜਾਂਚ ਲਈ ਟੀਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਸੀ। ਸਪੈਸ਼ਲ ਟਾਸਕ ਫੋਰਸ (ਐਸਟੀਐਫ), ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੇ ਇਲਾਕੇ ਦੀ ਤਲਾਸ਼ੀ ਲਈ। ਫਿਲਹਾਲ ਪੁਲਿਸ ਨੇ ਪੂਰੇ ਮਾਮਲੇ 'ਚ ਰਸਮੀ ਤੌਰ 'ਤੇ ਕੁਝ ਨਹੀਂ ਕਿਹਾ ਹੈ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪੂਰੇ ਮਾਮਲੇ ਨੂੰ ਸੁਤੰਤਰਤਾ ਦਿਵਸ ਅਤੇ ਅੱਤਵਾਦੀ ਕਨੈਕਸ਼ਨ ਨਾਲ ਜੋੜਿਆ ਜਾ ਰਿਹਾ ਹੈ। ਇਹ ਵੀ ਪੜ੍ਹੋ : ਨਸ਼ਾ ਕੇਂਦਰਾਂ 'ਚ ਸਪਲਾਈ ਹੋ ਰਹੀ ਦਵਾਈ ਦੇ ਟੈਂਡਰਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਪਈ ਝਾੜ ਵਿਸਫੋਟਕਾਂ ਦੀ ਬਰਾਮਦਗੀ ਦੀ ਸੂਚਨਾ ਮਿਲਣ ਨਾਲ ਹਰਿਆਣਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਕੁਰੂਕਸ਼ੇਤਰ ਦੇ ਸ਼ਾਹਾਬਾਦ 'ਚ ਕਈ ਥਾਣਿਆਂ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਬਾਲਾ ਤੋਂ ਬੰਬ ਡਿਸਪੋਜ਼ਲ ਸਕੁਐਡ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਕਾਫੀ ਦੇਰ ਤੱਕ ਇਲਾਕੇ ਦੀ ਆਵਾਜਾਈ ਵੀ ਰੋਕੀ ਰੱਖੀ। ਪੁਲਿਸ ਦਾ ਕਹਿਣਾ ਹੈ ਕਿ ਕਰੀਬ ਡੇਢ ਕਿਲੋ ਆਰਡੀਐਕਸ ਮਿਲਿਆ ਹੈ। ਆਸ-ਪਾਸ ਦੇ ਇਲਾਕਿਆਂ 'ਚ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। -PTC News