ਫਿਲਮ ਸ਼ੂਟਿੰਗ ਦੌਰਾਨ ਗੁ. ਪੰਜ ਸਾਹਿਬ 'ਚ ਨੰਗੇ ਸਿਰ, ਜੁੱਤੀ ਪਾ ਕੇ ਘੁੰਮਦੀ ਨਜ਼ਰ ਆਈ ਸਟਾਰ ਕਾਸਟ
ਅੰਮ੍ਰਿਤਸਰ, 3 ਅਕਤੂਬਰ: ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਇਲਾਕੇ ਵਿੱਚ ਸਥਿਤ ਸਿੱਖਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਿਲ ਜਾਣਕਾਰੀ ਅਨੁਸਾਰ ਗੁਰ ਧਾਮ 'ਤੇ ਪਾਕਿਸਤਾਨੀ ਫਿਲਮ ‘ਲਾਹੌਰ-ਲਾਹੌਰ ਏ’ ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਦੌਰਾਨ ਸਟਾਰ ਕਾਸਟ ਅਤੇ ਟੀਮ ਨੰਗੇ ਸਿਰ ਤੇ ਜੁੱਤੀ ਪਾ ਕੇ ਗੁਰਦੁਆਰੇ 'ਚ ਸ਼ੂਟਿੰਗ ਕਰਦੀ ਨਜ਼ਰ ਆਈ। ਇਹ ਦੇਖ ਕੇ ਇੱਕ ਸ਼ਰਧਾਲੂ ਟੀਮ ਨਾਲ ਉਲਝ ਪਿਆ ਅਤੇ ਉਸਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾ ਲਈ, ਜੋ ਸ਼ੋਸ਼ਲ ਮੀਡੀਆ 'ਤੇ ਵਾਇਰਲ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਦੀ ਸ਼ੂਟਿੰਗ ਦੌਰਾਨ ਪਾਕਿਸਤਾਨ ਦੇ ਫਿਲਮੀ ਕਲਾਕਾਰ ਗੁਰਦੁਆਰੇ ਵਿੱਚ ਸ਼ੂਟਿੰਗ ਕਰਨ ਪਹੁੰਚੇ ਸਨ ਤੇ ਉਨ੍ਹਾਂ ਨਾ ਤਾਂ ਆਪਣਾ ਸਿਰ ਢੱਕਿਆ ਸੀ ਤੇ ਨਾਲ ਹੀ ਗੁਰੂ ਘਰ ਦੀ ਪਰਿਕਰਮਾ ਵਿੱਚ ਜੁੱਤੀਆਂ ਪਾ ਘੁੰਮਦੇ ਪਏ ਸਨ। ਗੁਰਦੁਆਰਾ ਸਾਹਿਬ ਵਿਖੇ ਆਈ ਸੰਗਤ ਨੇ ਜਦੋਂ ਸਟਾਰ ਕਾਸਟ ਅਤੇ ਟੀਮ ਨੂੰ ਜੁੱਤੀਆਂ ਪਾ ਕੇ ਅੰਦਰ ਘੁੰਮਦੇ ਵੇਖਿਆ ਤਾਂ ਉਨ੍ਹਾਂ ਵਿਰੋਧ ਕੀਤਾ। ਸੰਗਤ ਨੇ ਇਸ ਘਟਨਾ ਦੀ ਵੀਡੀਓ ਵੀ ਬਣਾ ਲਈ ਜੋ ਹੁਣ ਵਾਇਰਲ ਹੋ ਚੁੱਕੀ ਹੈ। ਸ਼ੂਟਿੰਗ ਦੌਰਾਨ ਕਈ ਅਦਾਕਾਰ ਸਿੱਖਾਂ ਦੇ ਪਹਿਰਾਵੇ ਵਿੱਚ ਨਜ਼ਰ ਆਏ ਤੇ ਕਈਆਂ ਨੇ ਤਾਂ ਜੁੱਤੀ ਪਾ ਕੇ ਸਿਰ ਵੀ ਨਹੀਂ ਢੱਕਿਆ ਹੋਇਆ ਸੀ। ਦੱਸਿਆ ਜਾ ਰਿਹਾ ਕਿ ਸੰਗਤ ਦੇ ਵਿਰੋਧ ਤੋਂ ਬਾਅਦ ਰੌਲਾ ਪੈਣ ਮਗਰੋਂ ਸਿੱਖਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਤਤਕਾਲ ਸ਼ੂਟਿੰਗ ਨਾ ਰੋਕੀ ਤਾਂ ਕਿਸੀ ਤਰ੍ਹਾਂ ਦੇ ਵੀ ਨੁਕਸਾਨ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ। ਇਹ ਵੀ ਪੜ੍ਹੋ: ਗੈਂਗਸਟਰ ਦੀਪਕ ਟੀਨੂੰ ਫਰਾਰ: CIA ਸਟਾਫ ਦੇ ਇੰਚਾਰਜ ਨੂੰ ਕੀਤਾ ਮੁਅੱਤਲ ਸੰਗਤ ਦੇ ਵਿਰੋਧ ਤੋਂ ਬਾਅਦ ਅਦਾਕਾਰਾਂ ਨੂੰ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ। ਇਸ ਘਟਨਾ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਕਰਮ ਦੀ ਉੱਡੀਕ ਕੀਤੀ ਜਾ ਰਹੀ ਹੈ। -PTC News