SSR Case: NCB ਨੇ ਅਦਾਲਤ 'ਚ ਰੀਆ ਚੱਕਰਵਰਤੀ 'ਤੇ ਲਗਾਏ ਦੋਸ਼, ਅਗਲੀ ਸੁਣਵਾਈ 12 ਜੁਲਾਈ ਨੂੰ ਹੋਵੇਗੀ
ਨਵੀਂ ਦਿੱਲੀ: NCB ਮਰਹੂਮ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਡਰੱਗਜ਼ ਐਂਗਲ ਤੋਂ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰੀਆ ਚੱਕਰਵਰਤੀ, ਭਰਾ ਸੌਵਿਕ ਚੱਕਰਵਰਤੀ ਅਤੇ ਹੋਰਾਂ ਨੂੰ ਮੁਲਜ਼ਮ ਬਣਾਇਆ ਹੈ। ਐਨਸੀਬੀ ਨੇ ਵਿਸ਼ੇਸ਼ ਅਦਾਲਤ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ਾਂ ਦਾ ਡ੍ਰਾਫ਼੍ਟ ਦਾਖ਼ਲ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ 'ਤੇ ਸੁਸ਼ਾਂਤ ਸਿੰਘ ਲਈ ਡਰੱਗਜ਼ ਖਰੀਦਣ ਦਾ ਇਲਜ਼ਾਮ ਹੈ। ਰਿਪੋਰਟਾਂ ਮੁਤਾਬਕ ਰਿਆ ਅਤੇ ਉਸ ਦਾ ਭਰਾ ਸ਼ੌਵਿਕ ਕਾਰਵਾਈ ਦੌਰਾਨ ਅਦਾਲਤ 'ਚ ਮੌਜੂਦ ਸਨ। ਇਸ ਮਾਮਲੇ ਵਿੱਚ ਗੱਲ ਕਰਦਿਆਂ ਵਿਸ਼ੇਸ਼ ਸਰਕਾਰੀ ਵਕੀਲ ਅਤੁਲ ਸਰਪਾਂਡੇ ਨੇ ਦੱਸਿਆ ਕਿ ਚਾਰਜਸ਼ੀਟ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਰੀਆ ਚੱਕਰਵਰਤੀ ਅਤੇ ਉਸ ਦਾ ਭਰਾ ਸ਼ੌਵਿਕ ਨਸ਼ੇ ਦੀ ਵਰਤੋਂ ਕਰਦੇ ਸਨ। ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਲਈ ਡਰੱਗਜ਼ ਖਰੀਦੀ ਸੀ। ਅਤੁਲ ਸਪਰਪਾਂਡੇ ਨੇ ਅੱਗੇ ਦੱਸਿਆ ਕਿ ਅਦਾਲਤ ਸਾਰਿਆਂ 'ਤੇ ਦੋਸ਼ ਤੈਅ ਕਰਨ ਵਾਲੀ ਸੀ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਕੁਝ ਮੁਲਜ਼ਮਾਂ ਨੇ ਡਿਸਚਾਰਜ ਅਰਜ਼ੀਆਂ ਦਾਇਰ ਕੀਤੀਆਂ ਹਨ। ਇਸ ਕਾਰਨ ਅਦਾਲਤ ਵੱਲੋਂ ਫੈਸਲਾ ਨਹੀਂ ਲਿਆ ਗਿਆ। ਅਦਾਲਤ ਨੇ ਕਿਹਾ ਕਿ ਡਿਸਚਾਰਜ ਅਰਜ਼ੀ ਦਾ ਫੈਸਲਾ ਹੋਣ ਤੋਂ ਬਾਅਦ ਹੀ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣਗੇ। ਦੂਜੇ ਪਾਸੇ ਵਿਸ਼ੇਸ਼ ਜੱਜ ਵੀਜੀ ਰਘੂਵੰਸ਼ੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 12 ਜੁਲਾਈ ਨੂੰ ਕਰਨਗੇ। ਇਹ ਵੀ ਪੜ੍ਹੋ: Sangrur Lok Sabha Bypoll 2022: ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ, ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ ਗੌਰਤਲਬ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਮੁੰਬਈ ਵਿੱਚ ਆਪਣੇ ਫਲੈਟ ਵਿੱਚ ਮ੍ਰਿਤਕ ਪਾਇਆ ਗਿਆ ਸੀ। ਉਦੋਂ ਤੋਂ, ਮਾਮਲੇ ਵਿੱਚ ਐਨਸੀਬੀ ਡਰੱਗਜ਼ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਰਿਆ ਚੱਕਰਵਰਤੀ ਨੂੰ ਸਤੰਬਰ 2020 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਰੀਬ ਇੱਕ ਮਹੀਨਾ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਰੀਆ ਨੂੰ ਬਾਂਬੇ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਏਜੰਸੀ ਕਿਸੇ ਵੀ ਤਰ੍ਹਾਂ ਦੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਹੈ। -PTC News