ਪ੍ਰਕਾਸ਼ ਪੁਰਬ ਮੌਕੇ 30 ਤੋਂ ਵੱਧ ਦੇਸੀ ਤੇ ਵਿਦੇਸ਼ੀ ਫੁੱਲਾਂ ਦੀਆਂ ਕਿਸਮਾਂ ਨਾਲ ਸੱਜ ਰਿਹਾ ਸ੍ਰੀ ਦਰਬਾਰ ਸਾਹਿਬ ਸਮੂਹ
ਮਨਿੰਦਰ ਸਿੰਘ ਮੋਂਗਾ, 9 ਅਕਤੂਬਰ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 11 ਅਕਤੂਬਰ ਨੂੰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ। ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਤਰਾਂ ਤਰਾਂ ਦੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ। ਪਿਛਲੇ 11 ਸਾਲ ਤੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੰਬਈ ਦੀ ਸੰਗਤ ਵਲੋਂ ਗੁਰੂ ਘਰ ਦੇ ਅੰਨਨ ਸੇਵਕ ਇਕਬਾਲ ਸਿੰਘ ਦੀ ਅਗਵਾਈ ਹੇਠ ਫੁੱਲਾਂ ਦੀ ਸਜਾਵਟ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਵੀ ਮੁੰਬਈ ਤੋਂ 100 ਦੇ ਕਰੀਬ ਸ਼ਰਧਾਲੂ ਅਤੇ ਕਲਕੱਤਾ ਦਿੱਲੀ ਤੋਂ 100 ਦੇ ਕਰੀਬ ਕਾਰੀਗਰਾਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਦੀ ਸੇਵਾ ਅਰਦਾਸ ਉਪਰੰਤ ਆਰੰਭ ਕਰ ਦਿੱਤੀ ਗਈ ਹੈ, ਜੋ 10 ਅਕਤੂਬਰ ਦੀ ਰਾਤ ਤੱਕ ਸੰਪੂਰਨ ਹੋਵੇਗੀ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ, ਸਾਰੇ ਪ੍ਰਵੇਸ਼ ਦੁਆਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਕਲਕੱਤਾ, ਪੁਣੇ, ਬੰਗਲੌਰ ਸਮੇਤ ਵੱਖ ਵੱਖ ਸਥਾਨਾਂ ਤੋਂ ਆਰਚਿਡ, ਰੋਜ਼, ਕਾਰਨਿਸ਼ਨ, ਗੈਂਦਾ, ਲੀਲੀ, ਗੁਲਸ਼ੀਰੀ ਆਦਿ 30 ਤੋਂ ਵੱਧ ਕਿਸਮਾਂ ਦੇ 20 ਟਨ ਦੇ ਕਰੀਬ ਫੁੱਲਾਂ ਨਾਲ ਸਜਾਉਣ ਦੀ ਸੇਵਾ ਆਰੰਭ ਕੀਤੀ ਗਈ ਹੈ। ਇਹ ਫੁੱਲ ਵਿਸ਼ੇਸ਼ ਤੌਰ ਤੇ ਰੈਫਰਿਜੇਸ਼ਨ ਵਾਲੀਆਂ ਗੱਡੀਆਂ ਰਾਹੀਂ ਲਿਆਂਦੇ ਗਏ ਹਨ ਅਤੇ ਫੁੱਲਾਂ ਨਾਲ ਸਜਾਵਟ ਦੀ ਇਹ ਸੇਵਾ 10 ਅਕਤੂਬਰ ਰਾਤ ਤੱਕ ਸੰਪਨ ਹੋ ਜਾਵੇਗੀ ਤੇ ਸੰਗਤਾਂ ਨੂੰ ਫੁੱਲਾਂ ਨਾਲ ਮਹਿਕਦੇ ਸ੍ਰੀ ਦਰਬਾਰ ਸਾਹਿਬ ਦਾ ਵਿਲਖਣ ਨਜ਼ਾਰਾ ਦੇਖਣ ਨੂੰ ਮਿਲੇਗਾ। ਪਿਛਲੇ 11 ਸਾਲ ਤੋਂ ਫੁੱਲਾਂ ਦੀ ਸਜਾਵਟ ਦੀ ਸੇਵਾ ਕਰ ਰਹੇ ਮੁੰਬਈ ਨਿਵਾਸੀ ਇਕਬਾਲ ਸਿੰਘ ਆਪਣੇ ਆਪ ਨੂੰ ਬਹੁਤ ਵਡਭਾਗਾ ਮੰਨਦੇ ਹਨ ਕਿ ਗੁਰੂ ਰਾਮਦਾਸ ਜੀ ਕਿਰਪਾ ਸਦਕਾ ਇਹ ਸੇਵਾ ਉਨ੍ਹਾਂ ਦੇ ਭਾਗਾਂ 'ਚ ਆਈ ਹੈ। -PTC News