ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਪਟਿਆਲਾ ਪੁੱਜੇ ਖਿਡਾਰੀ
ਪਟਿਆਲਾ : 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਭਲਕੇ ਤੋਂ ਪਟਿਆਲਾ ਵਿਖੇ ਕਰਵਾਏ ਜਾਣਗੇ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਖੇਡ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਰਾਜ ਭਰ ਤੋਂ ਵੱਡੀ ਗਿਣਤੀ ਖਿਡਾਰੀ ਪਟਿਆਲਾ ਵਿਖੇ ਪੁੱਜ ਚੁੱਕੇ ਹਨ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਇਸ ਖੇਡ ਟੂਰਨਾਮੈਂਟ ਦਾ ਆਨੰਦ ਮਾਣਨ ਦਾ ਖੁੱਲ੍ਹਾ ਸੱਦਾ ਦਿੱਤਾ। ਇਸੇ ਦੌਰਾਨ ਪੰਜਾਬੀ 'ਵਰਸਿਟੀ ਵਿਖੇ ਹੋਣ ਵਾਲੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਕੌਮਾਂਤਰੀ ਕਬੱਡੀ ਖਿਡਾਰੀ ਤੇ ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਨੈਸ਼ਨਲ ਤੇ ਸਰਕਲ ਸਟਾਇਲ ਕਬੱਡੀ ਮੁਕਾਬਲਿਆਂ 'ਚ 8 ਵਰਗਾਂ ਦੇ 5000 ਦੇ ਕਰੀਬ ਲੜਕੇ ਤੇ ਲੜਕੀਆਂ ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਪੰਜਾਬੀ 'ਵਰਸਿਟੀ ਵਿਖੇ ਸਵੇਰੇ 10 ਵਜੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਉਣ ਲਈ ਪੁੱਜਣਗੇ। ਗੁਰਲਾਲ ਘਨੌਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਤੇ ਖੇਡ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਉਹ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਇਨ੍ਹਾਂ ਮੁਕਾਬਲਿਆਂ ਦਾ ਹਿੱਸਾ ਜ਼ਰੂਰ ਬਣਨ। ਇਹ ਵੀ ਪੜ੍ਹੋ : ਪੰਜਾਬ ਦੇ ਪਾਣੀ 'ਤੇ ਹਰਿਆਣਾ ਦਾ ਕੋਈ ਹੱਕ ਨਹੀਂ : ਪ੍ਰੋ.ਚੰਦੂਮਾਜਰਾ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਅੰਦਰ ਖੇਡਾਂ ਦੀ ਚਿਣਗ ਪੈਦਾ ਕਰਨ ਲਈ ਸ਼ੁਰੂ ਕੀਤੀਆਂ 'ਖੇਡਾਂ ਵਤਨ ਪੰਜਾਬ ਦੀਆਂ' ਪੰਜਾਬ ਦੀ ਜਵਾਨੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਸਫ਼ਲ ਹੋਣਗੀਆਂ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 15 ਅਕਤੂਬਰ ਤੋਂ 22 ਅਕਤੂਬਰ ਤੱਕ ਕਬੱਡੀ ਸਰਕਲ ਤੇ ਨੈਸ਼ਨਲ ਸਟਾਇਲ ਤੇ ਆਰਚਰੀ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ ਵਿਖੇ ਜਦਕਿ ਫੈਂਸਿੰਗ, ਖੋ-ਖੋ, ਬਾਕਸਿੰਗ ਤੇ ਪਾਵਰ ਲਿਫ਼ਟਿੰਗ ਦੇ ਮੁਕਾਬਲੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜਦਾਨ ਨੇ ਦੱਸਿਆ ਕਿ ਅੰਮ੍ਰਿਤਸਰ, ਸੰਗਰੂਰ, ਬਰਨਾਲਾ ਤੇ ਮੋਹਾਲੀ ਵਿਖੇ ਹੋਣ ਵਾਲੇ ਵੱਖ-ਵੱਖ ਖੇਡਾਂ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ 650 ਖਿਡਾਰੀਆਂ ਨੂੰ ਪਟਿਆਲਾ ਜ਼ਿਲ੍ਹੇ ਤੋਂ ਵੀ ਰਵਾਨਾ ਕੀਤਾ ਗਿਆ ਹੈ। ਰਿਪੋਰਟ-ਗਗਨਦੀਪ ਆਹੂਜਾ -PTC News