ਖੇਡ ਮੰਤਰੀ ਨੇ ਬੈਡਮਿੰਟਨ ਖਿਡਾਰੀ ਧਰੁਵ ਕਪਿਲਾ ਨਾਲ ਕੀਤੀ ਮੁਲਾਕਾਤ
ਲੁਧਿਆਣਾ: ਲੁਧਿਆਣਾ ਵਿਚ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਬੁੱਧਵਾਰ ਦੇਰ ਸ਼ਾਮ ਥਾਮਸ ਕੱਪ ਜੇਤੂ ਬੈਡਮਿੰਟਨ ਖਿਡਾਰੀ ਧਰੁਵ ਕਪਿਲਾ ਦੇ ਘਰ ਕੈਲਾਸ਼ ਚੌਕ ਪਹੁੰਚੇ। ਖੇਡ ਮੰਤਰੀ ਹੇਅਰ ਦੇ ਨਾਲ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੀ ਮੌਜੂਦ ਸਨ। ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਧਰੁਵ ਕਪਿਲਾ ਨੂੰ ਥਾਮਸ ਕੱਪ ਜਿੱਤਣ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਧਰੁਵ ਨੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੂੰ ਇਸ ਖਿਡਾਰੀ ਦੇ ਬਿਹਤਰੀਨ ਪ੍ਰਦਰਸ਼ਨ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖੁਦ ਧਰੁਵ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਵਧਾਈ ਦੇਣਗੇ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਕਈ ਕਮੀਆਂ ਹਨ, ਜਿਸ ਕਾਰਨ ਪੰਜਾਬ ਖੇਡਾਂ ਵਿੱਚ ਪਿੱਛੇ ਰਹਿ ਗਿਆ ਹੈ। ਥਾਮਸ ਕੱਪ ਸਮੇਤ ਕਈ ਵੱਡੇ ਟੂਰਨਾਮੈਂਟਾਂ ਦੇ ਜੇਤੂਆਂ ਲਈ ਨਕਦ ਇਨਾਮ ਖੇਡ ਨੀਤੀ ਦਾ ਹਿੱਸਾ ਨਹੀਂ ਹਨ। ਖੇਡ ਨੀਤੀ ਵਿੱਚ ਸੋਧ ਕਰਕੇ ਇਸ ਕਮੀ ਨੂੰ ਦੂਰ ਕੀਤਾ ਜਾਵੇਗਾ। ਇਹ ਵੀ ਪੜ੍ਹੋ : ਪੰਜਾਬ ਦੇ ਇਸ ਸਰਕਾਰੀ ਸਕੂਲ ਨੇ ਸਿੱਖ ਨੌਜਵਾਨ ਨੂੰ ਕੜਾ ਅਤੇ ਕਿਰਪਾਨ ਪਾਉਣ 'ਤੇ ਲਾਈ ਰੋਕ, ਪੂਰਾ ਪੜ੍ਹੋ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਸਟੇਡੀਅਮ ਤਾਂ ਬਹੁਤ ਬਣਾਏ, ਪਰ ਮੈਦਾਨ ਨਹੀਂ ਬਣਾਏ। ਇੱਥੋਂ ਤੱਕ ਕਿ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਵੀ ਨਹੀਂ ਦਿੱਤਾ ਗਿਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਖੇਡ ਢਾਂਚੇ ਨੂੰ ਹੇਠਲੇ ਪੱਧਰ ਤੋਂ ਮਜ਼ਬੂਤ ਕਰਕੇ ਉੱਪਰ ਲਿਆਵੇਗੀ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਖੇਡ ਮੰਤਰੀ ਨੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਅਤੇ ਸ਼ਿਵਾਨੀ ਕਪਿਲਾ ਅਤੇ ਕੋਚ ਆਨੰਦ ਤਿਵਾਰੀ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਧਰੁਵ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਧਰੁਵ ਨੇ ਖੇਡ ਮੰਤਰੀ ਦਾ ਸਨਮਾਨ ਕਰਦੇ ਹੋਏ ਆਪਣਾ ਬੈਡਮਿੰਟਨ ਗਿਫਟ ਕੀਤਾ। -PTC News