ਖੇਡ ਮੰਤਰੀ ਨੇ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਦਿੱਤੀਆਂ ਸ਼ੁਭਕਾਮਨਾਵਾਂ, ਨੌਜਵਾਨਾਂ ਲਈ ਬਣੇ ਪ੍ਰੇਰਨਾ ਸ੍ਰੋਤ
ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਸਟਰੇਲੀਆ ਵਿਖੇ ਹੋਣ ਵਾਲੇ ਟਵੰਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਚੁਣੇ ਜਾਣ ਉੱਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਮੁਬਾਰਕਬਾਦ ਦਿੱਤੀ। ਉਨ੍ਹਾਂ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਸ਼ੁਭ ਇੱਛਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਆਪਣੇ ਪ੍ਰਦਰਸ਼ਨ ਨਾਲ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗਾ।
ਖੇਡ ਮੰਤਰੀ ਨੇ ਚੰਡੀਗੜ੍ਹ ਸਥਿਤ ਸੈਕਟਰ 24 ਦੇ ਕ੍ਰਿਕਟ ਗਰਾਊਂਡ ਵਿਖੇ ਅਰਸ਼ਦੀਪ ਸਿੰਘ ਨਾਲ ਮੁਲਾਕਾਤ ਕਰਦਿਆਂ ਉਸ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਵਿੱਚ ਬਿਹਤਰੀਨ ਪ੍ਰਦਰਸ਼ਨ ਸਦਕਾ ਛੱਡੀ ਛਾਪ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਅੱਜ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ ਜਿਸ ਨੇ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਘਰੇਲੂ ਕ੍ਰਿਕਟ ਤੇ ਆਈ.ਪੀ.ਐਲ. ਵਿੱਚ ਚੰਗੇ ਪ੍ਰਦਰਸ਼ਨ ਨਾਲ ਟੀਮ ਵਿੱਚ ਜਗ੍ਹਾਂ ਬਣਾਈ ਅਤੇ 11 ਮੈਚਾਂ ਦੇ ਕੌਮਾਂਤਰੀ ਕਰੀਅਰ ਵਿੱਚ ਆਖਰੀ (ਡੈਥ) ਓਵਰਾਂ ਵਿੱਚ ਟੀਮ ਦਾ ਅਹਿਮ ਖਿਡਾਰੀ ਬਣ ਗਿਆ।
ਇਹ ਵੀ ਪੜ੍ਹੋ:ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ
ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਅਕਤੂਬਰ ਮਹੀਨੇ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿੱਚ ਚੰਗੀ ਖੇਡ ਅਤੇ ਭਾਰਤੀ ਟੀਮ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਅਰਸ਼ਦੀਪ ਸਿੰਘ ਦਾ ਪ੍ਰੈਕਟਿਸ ਸੈਸ਼ਨ ਦੇਖਦਿਆ ਉਸ ਦੀ ਖੇਡ ਦਾ ਆਨੰਦ ਮਾਣਿਆ ਅਤੇ ਉਸ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਤੋਂ ਪਹਿਲਾਂ ਖੇਡ ਮੰਤਰੀ ਨੇ ਸੈਕਟਰ 16 ਅਕੈਡਮੀ ਦੇ ਖਿਡਾਰੀਆਂ ਨਾਲ ਖ਼ੁਦ ਬੱਲੇਬਾਜ਼ੀ ਦੀ ਨੈਟ ਪ੍ਰੈਕਟਿਸ ਵੀ ਕੀਤੀ। ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ, ਅਕੈਡਮੀ ਦੇ ਕੋਚ ਜਸਵੰਤ ਰਾਏ, ਸੰਜੇ ਦਹੀਆ ਤੇ ਅਸ਼ਵਨੀ ਗਰਗ ਵੀ ਹਾਜ਼ਰ ਸਨ।
-PTC News