ਚੰਡੀਗੜ੍ਹ ਦੇ ਸਕੂਲਾਂ, ਹਸਪਤਾਲਾਂ ਨੇੜੇ ਟੱਪੀ ਸਪੀਡ ਤਾਂ ਭੁਗਤਨਾ ਪੈਣਾ ਭਾਰੀ ਚਾਲਾਨ
ਚੰਡੀਗੜ੍ਹ, 22 ਅਗਸਤ: ਜੇਕਰ ਤੁਸੀਂ ਚੰਡੀਗੜ੍ਹ ਦੇ ਸਕੂਲਾਂ, ਹਸਪਤਾਲਾਂ ਜਾਂ ਉੱਚ ਵਿਦਿਅਕ ਸੰਸਥਾਵਾਂ ਨੇੜੇ ਤੇਜ਼ ਰਫ਼ਤਾਰ 'ਚ ਆਪਣਾ ਵਾਹਨ ਕਢਣ ਦੀ ਕੋਸ਼ਿਸ਼ ਵੀ ਕੀਤੀ ਤਾਂ ਤੁਹਾਨੂੰ ਭਾਰੀ ਚਾਲਾਨ ਭੁਗਤਨਾ ਪਵੇਗਾ। ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਨੇ ਸੋਮਵਾਰ ਨੂੰ ਸਕੂਲਾਂ ਅਤੇ ਹਸਪਤਾਲਾਂ ਨੇੜੇ ਸਪੀਡ ਲਿਮਟ ਤੈਅ ਕਰਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਯੂਟੀ-ਚੰਡੀਗੜ੍ਹ ਦੇ ਸਕੂਲਾਂ/ਉੱਚ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਨੇੜੇ 25 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਸਪੀਡ ਸੀਮਾ ਤੁਰੰਤ ਪ੍ਰਭਾਵ ਨਾਲ ਤੈਅ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਇੰਜਨੀਅਰਿੰਗ ਵਿਭਾਗ ਨੂੰ ਸੜਕਾਂ ਦੇ ਦੋਵੇਂ ਪਾਸੇ 25 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਗਤੀ ਸੀਮਾ ਨੂੰ ਦਰਸਾਉਣ ਵਾਲੇ ਸਾਈਨ ਬੋਰਡ ਲਗਾਉਣ ਲਈ ਕਿਹਾ ਗਿਆ ਹੈ। ਚੰਡੀਗੜ੍ਹ ਨੂੰ ਮਾਰਟ ਸਿਟੀ ਮਿਸ਼ਨ ਤਹਿਤ ਨਾਗਰਿਕਾਂ ਦੀਆਂ ਇੱਛਾਵਾਂ ਅਤੇ ਲੋੜਾਂ ਨੂੰ ਪੂਰਾ ਕਰਨ ਦੀ ਕਲਪਨਾ ਅਧੀਨ, ਪੂਰੇ ਸ਼ਹਿਰੀ ਵਾਤਾਵਰਣ ਪ੍ਰਣਾਲੀ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸੜਕੀ ਆਵਾਜਾਈ ਅਤੇ ਕਾਨੂੰਨ ਵਿਵਸਥਾ ਦੀ ਪ੍ਰਭਾਵੀ ਨਿਗਰਾਨੀ ਦੇ ਉਦੇਸ਼ ਨਾਲ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਦੀ ਰਾਜਧਾਨੀ ਵਿਚ ਏਕੀਕ੍ਰਿਤ ਕੰਟਰੋਲ ਅਤੇ ਕਮਾਂਡ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਇਸ ਅਧੀਨ ਸ਼ਹਿਰ 'ਚ ਵੱਖ-ਵੱਖ ਪੁਆਇੰਟਾਂ 'ਤੇ 1,800 ਤੋਂ ਵੱਧ ਕੈਮਰੇ ਲਗਾਏ ਗਏ ਹਨ, ਇਨ੍ਹਾਂ ਵਿੱਚੋਂ ਬਹੁਤੇ ਇਸ ਵੇਲੇ ਚਾਲੂ ਹਨ। ਦੱਸ ਦੇਈਏ ਕਿ ਟ੍ਰੈਫਿਕ ਲਾਈਟ ਜੰਕਸ਼ਨ 'ਤੇ ਲਗਾਏ ਗਏ ਸਾਰੇ ਕੈਮਰੇ ਚਾਲੂ ਹਨ, ਜਦਕਿ ਬਾਕੀ ਮੁੱਖ ਸਰਵਰ ਨਾਲ ਜੁੜੇ ਹੋਏ ਹਨ। ਇਹ ਕੈਮਰੇ ਟ੍ਰੈਫਿਕ ਉਲੰਘਣਾਵਾਂ ਨੂੰ ਫੜਨਗੇ ਜਿਵੇਂ ਕਿ ਲਾਲ ਬੱਤੀ ਨੂੰ ਜੰਪ ਕਰਨਾ, ਤੇਜ਼ ਰਫਤਾਰ, ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣਾ, ਜ਼ੈਬਰਾ ਕਰਾਸਿੰਗ ਪਾਰਕਿੰਗ ਅਤੇ ਡਰਾਈਵਿੰਗ ਦੌਰਾਨ ਫੋਨ 'ਤੇ ਗੱਲ ਕਰਨਾ ਆਦਿ। ਇਹ ਹਾਈਟੈਕ ਕੈਮਰੇ 287 ਥਾਵਾਂ 'ਤੇ ਟ੍ਰੈਫਿਕ ਜੰਕਸ਼ਨ ਅਤੇ ਸ਼ਹਿਰ ਦੀਆਂ ਹੋਰ ਮਹੱਤਵਪੂਰਨ ਇਮਾਰਤਾਂ ਜਿਵੇਂ ਕਿ ਵਾਟਰ ਵਰਕਸ, ਪਾਰਕਾਂ, ਸਰਕਾਰੀ ਹਸਪਤਾਲਾਂ, ਕਮਿਊਨਿਟੀ ਸੈਂਟਰਾਂ, ਪਾਰਕਿੰਗ ਸਥਾਨਾਂ ਅਤੇ ਸਕੂਲਾਂ ਦੀ ਨਿਗਰਾਨੀ ਲਈ ਲਗਾਏ ਗਏ ਹਨ। -PTC News