ਕਰਤਾਰਪੁਰ ਲਾਂਘੇ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਧੂ ਦੀ ਕਰਤਾਰਪੁਰ ਸਾਹਿਬ ਹੋਈ ਖ਼ਾਸ ਅਰਦਾਸ
ਮਨਿੰਦਰ ਸਿੰਘ ਮੋਂਗਾ (ਅੰਮ੍ਰਿਤਸਰ, 7 ਅਕਤੂਬਰ): ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਰੋਡ ਰੇਜ ਦੇ ਮਾਮਲੇ 'ਚ ਇਕ ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਚੜ੍ਹਦੀਕਲਾ ਤੇ ਤੰਦਰੁਸਤੀ ਲਈ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿੱਧੂ ਦੀ ਛੇਤੀ ਰਿਹਾਈ ਸਬੰਧੀ ਵੀ ਗੁਰੂ ਚਰਨਾਂ 'ਚ ਅਰਦਾਸ ਕੀਤੀ ਗਈ ਹੈ। ਇਹ ਅਰਦਾਸ ਅੰਮ੍ਰਿਤਸਰ ਤੋਂ ਗਏ ਇਕ ਜੱਥੇ 'ਚ ਸ਼ਾਮਲ ਮਹਿਲਾ ਮਨਜੀਤ ਕੌਰ ਵਲੋਂ ਕਰਵਾਈ ਗਈ, ਜੋ ਹਾਲ ਹੀ 'ਚ ਡੇਰਾ ਬਾਬਾ ਨਾਨਕ ਰਸਤਿਓਂ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ 'ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਪਰਤੇ ਹਨ। ਨਵਜੋਤ ਸਿੱਧੂ ਪਿਛਲੇ ਪੰਜ ਮਹੀਨਿਆਂ ਤੋਂ ਪਟਿਆਲਾ ਦੀ ਜੇਲ੍ਹ 'ਚ ਸਜਾਜਾਫਤਾ ਹਨ। ਨਵਜੋਤ ਸਿੱਧੂ ਨੇ ਕਰਤਾਰਪੁਰ ਸਾਹਿਬ ਜਾਣ ਵਾਲਾ ਲਾਂਘਾ ਖੁਲ੍ਹਵਾਉਣ 'ਚ ਅਹਿਮ ਭੂਮਿਕਾ ਨਿਭਾਇਆ ਸੀ। ਉਸ ਵੇਲੇ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਜੋਤ ਸਿੱਧੂ ਸਣੇ ਸਮੁੱਚੇ ਪੰਜਾਬੀਆਂ ਵਲੋਂ ਲਾਂਘਾ ਖੋਲਣ ਬਾਬਤ ਰੱਖੀ ਮੰਗ 'ਤੇ ਫੌਰੀ ਗੌਰ ਫਰਮਾਇਆ ਸੀ, ਜਿਸ ਕਰਕੇ ਸਿੱਖ ਭਾਈਚਾਰੇ 'ਚ ਨਵਜੋਤ ਸਿੱਧੂ ਪ੍ਰਤੀ ਕਾਫੀ ਸਤਿਕਾਰ ਦੇਖਣ ਨੂੰ ਮਿਲਿਆ। ਇਹ ਵੀ ਪੜ੍ਹੋ: ਅੰਮ੍ਰਿਤਸਰ ਲੈਂਡ ਕੀਤੀ ਸਪਾਈਸ ਜੈੱਟ ਦੀ ਫਲਾਈਟ ਤੋਂ ਯਾਤਰੀਆਂ ਦਾ ਸਮਾਨ ਗਾਇਬ ਸਿੱਧੂ ਦੀ ਲਾਂਘਾ ਖੋਲਣ ਦੀ ਮੰਗ 'ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਹਿਲ ਕੀਤੀ ਤੇ ਭਾਰਤ ਸਰਕਾਰ ਨੇ ਬਿਨਾਂ ਦੇਰੀ ਕੀਤੇ ਦੋਹਾਂ ਦੇਸ਼ਾਂ ਵਿਚਾਲੇ ਲਾਂਘਾ ਖੁਲ੍ਹਵਾਉਣਦਾ ਕੰਮ ਬਹੁਤ ਘੱਟ ਸਮੇਂ 'ਚ ਮੁਕੰਮਲ ਕਰ ਲਿਆ। ਹੁਣ ਰੋਜ਼ਾਨਾ ਸ਼ਰਧਾਲੂ ਡੇਰਾ ਬਾਬਾ ਨਾਨਕ ਰਸਤਿਓਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਵਾਪਸ ਪਰਤਦੇ ਹਨ। -PTC News