ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਨ 'ਤੇ ਵਿਸ਼ੇਸ਼
ਚੰਡੀਗੜ੍ਹ: 18ਵੀਂ ਸਦੀ ਦਾ ਦੌਰ ਜਿੱਥੇ ਖਾਲਸੇ ਦੀ ਚੜ੍ਹਦੀ ਕਲਾ, ਬਾਦਸ਼ਾਹਤ ਅਤੇ ਸਿੱਖ ਰਾਜ ਦੇ ਮਾਣਮੱਤੇ ਇਤਿਹਾਸ ਨੂੰ ਪੇਸ਼ ਕਰਦਾ ਹੈ, ਉੱਥੇ ਮੁਗਲੀਆ ਹਕੂਮਤ ਦੇ ਸਿੱਖਾਂ ਵਿਰੁੱਧ ਜ਼ਬਰ, ਅਤੇ ਸਖ਼ਤੀ ਦੇ ਦੌਰ ਨੂੰ ਵੀ ਸਾਹਮਣੇ ਰੱਖਦਾ ਹੈ। ਇਹ ਉਹ ਸਮਾਂ ਸੀ ਜਦੋਂ ਇੱਕ ਪਾਸੇ ਖਾਲਸਾਈ ਫੌਜ, ਦੁਸ਼ਮਨ ਦਲਾਂ ਵਿੱਚ ਭਾਜੜਾਂ ਪਾਉਂਦਿਆਂ ਸਿੱਖ ਰਾਜ ਦੇ ਸ਼ਾਨਾਮੱਤੀ ਇਤਿਹਾਸ ਨੂੰ ਸੁਨਹਿਰੇ ਅੱਖਰਾਂ ਵਿੱਚ ਕਲਮਬੰਦ ਕਰ ਰਹੀ ਸੀ ਅਤੇ ਦੂਸਰੇ ਪਾਸੇ ਮੁਗਲ ਹਕੂਮਤ, ਸਿੱਖਾਂ ਦੀ ਉੱਠਦੀ ਤਾਕਤ ਨੂੰ ਦਬਾਉਣ ਲਈ ਨਿੱਤ ਨਵੇਂ ਫੁਰਮਾਨਾਂ ਨਾਲ ਸਖ਼ਤੀ ਦਾ ਦੌਰ ਅਰੰਭ ਕਰ ਚੁੱਕੀ ਸੀ। ਜੂਨ, 1716 ਈ. ਵਿੱਚ ਦਿੱਲੀ ਦਰਬਾਰ ਦੇ ਹੁਕਮ ਪੁਰ ਫਰੁਖਸੀਅਰ ਨੇ ਜ਼ਾਲਮਾਨਾ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ। ਪੰਥਕ ਸਫ਼ਾਂ ਵਿੱਚ ਰੋਹ ਫੈਲ ਗਿਆ ਅਤੇ ਖਾਲਸਾ ਮੁੜ ਤੋਂ ਜਥੇਬੰਦ ਹੋਣ ਲੱਗਾ। ਸ਼ਹੀਦੀਆਂ ਦੇ ਇਸ ਲਾਸਾਨੀ ਦੌਰ ਵਿੱਚ, ਨਗਰ ਲਾਹੌਰ, ਆਹਲੂ ਪਿੰਡ ਦੇ ਵਸਨੀਕ ਦੇਵਾ ਸਿੰਘ ਆਹਲੂਵਾਲੀਆ ਦੇ ਛੋਟੇ ਸਪੁੱਤਰ, ਬਦਰ ਸਿੰਘ ਦੇ ਘਰ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਸ ਨਾਲ, ਮਈ ਦੀ ਤੀਜੇ ਦਿਹਾੜੇ, ਸੰਨ 1718 ਈ: ਨੂੰ ਦਲ ਖਾਲਸਾ ਦੇ ਪ੍ਰਮੁੱਖ ਆਗੂ, ਨਿਰਮਲ ਬੁੱਧ, ਸਿਦਕਵਾਨ, ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਹੁੰਦਾ ਹੈ। ਬਾਘ ਸਿੰਘ ਹੱਲੋਵਾਲੀਏ ਦੀ ਭੈਣ, ਮਾਤਾ ਜੀਵਨ ਕੌਰ ਨੇ ਪੁੱਤਰ ਜੱਸਾ ਸਿੰਘ ਨੂੰ, ਗੁਰਬਾਣੀ ਦੀਆਂ ਲੋਰੀਆਂ ਅਤੇ ਸ਼ਹੀਦਾਂ ਦੀਆਂ ਸਾਖੀਆਂ ਸੁਣਾ ਕੇ ਵੱਡਾ ਕੀਤਾ। ਪੰਜਾਂ ਵਰ੍ਹਿਆਂ ਦੇ ਬਾਲਕ ਨੇ ਪਿਤਾ ਦੇ ਅਕਾਲ ਪਿਆਨਾ ਕਰਨ ਮਗਰੋਂ ਆਪਣੀ ਜ਼ਿੰਦਗੀ ਦੇ ਮੁੱਢਲੇ ਵਰ੍ਹੇ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਰਹਿਨੁਮਾਈ ਵਿੱਚ ਬਤੀਤ ਕੀਤੇ। ਉਮਰ ਦੇ ਬਾਰ੍ਹਾਂ ਵਰ੍ਹਿਆਂ ਤਕ ਬਾਲਕ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਇਤਿਹਾਸ ਦੇ ਫਲਸਫੇ ਅਤੇ ਫ਼ਾਰਸੀ ਜ਼ੁਬਾਨ ਨਾਲ ਚੋਖੀ ਸਾਂਝ ਪਾ ਲਈ ਸੀ। ਜਦੋਂ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਪੰਜਾਬ ਵੱਲ ਤੋਰਿਆ ਤਾਂ ਬਾਲਕ ਨੂੰ ਇੱਕ ਤਲਵਾਰ, ਗੁਰਜ, ਢਾਲ, ਕਮਾਨ, ਤੀਰਾਂ ਦਾ ਭੱਥਾ, ਚਾਂਦੀ ਦੀ ਚੋਭ ਅਤੇ ਪੁਸ਼ਾਕ ਥਾਪੜੇ ਵਜੋਂ ਦਿੱਤੇ। ਜਵਾਨੀ ਦੇ ਅਰੰਭਕ ਵਰ੍ਹੇ ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਜੀ ਦੀ ਰਹਿਨੁਮਾਈ ਵਿੱਚ ਧਰਮ ਅਰਥ ਬੋਧ ਅਤੇ ਜੰਗੀ ਵਿਦਿਆ ਪ੍ਰਾਪਤ ਕਰਦਿਆਂ ਗੁਜ਼ਾਰੇ। 1726 ਈ: ਵਿੱਚ ਜ਼ਕਰੀਆ ਖਾਨ ਨੇ ਲਾਹੌਰ ਦੀ ਸੂਬੇਦਾਰੀ ਮਿਲਦਿਆਂ ਹੀ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ। ਹਜ਼ਾਰਾਂ ਸਿੰਘਾਂ-ਸਿੰਘਣੀਆਂ ਨੂੰ ਜ਼ੰਜੀਰਾਂ ਬੰਨ੍ਹ ਨਖ਼ਾਸ ਚੌਂਕ ਵਿੱਚ ਕਤਲ ਕਰ ਦਿੱਤਾ ਜਾਂਦਾ। ਸਿੰਘਾਂ ਨੇ ਮੁੜ ਤੋਂ ਜਥੇਬੰਦ ਹੋਣ ਲਈ ਬੀਕਾਨੇਰ ਦੇ ਜੰਗਲਾਂ ਵਿੱਚ, ਫਾਕੇ ਕੱਟਦਿਆਂ ਘੋੜਿਆਂ ਦੀਆਂ ਕਾਠੀਆਂ ਪੁਰ ਗੁਜ਼ਾਰਾ ਕੀਤਾ। ਇਸੇ ਦਰਮਿਆਨ ਸਿੰਘਾਂ ਨੇ ਗੁਰੀਲਾ ਯੁੱਧ ਕਰਦਿਆਂ ਖਾਲਸੇ ਨੂੰ ਮੁੜ ਲਾਮਬੰਦ ਕੀਤਾ। ਉਨ੍ਹੀ ਦਿਨ੍ਹੀ 1748 ਈ. ਵਿੱਚ, ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਜੀ ਦੇ ਨਾਲ ਖਾਲਸਾਈ ਦਲਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ, ਮਿਸਲਾਂ ਨੂੰ ਜਥੇਬੰਦਕ ਕਰਦਿਆਂ ਅਗਵਾਈ ਦੇ ਰਹੇ ਸਨ। ਮੀਰ ਮੰਨੂੰ ਦੀ ਜ਼ੁਲਮੀ ਵਾਰਤਾ ਅਤੇ ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਨੇ 1765 ਈ.ਤਕ ਖਾਲਸੇ ਦੀ ਅਗਵਾਈ ਨਾਲ ਲਾਹੌਰ ਵਿੱਚ ਪੱਕਾ ਕਬਜ਼ਾ ਜਮਾ ਲਿਆ। ਇਸ ਦਰਮਿਆਨ 1761 ਈ. ਵਿੱਚ, ਅਹਿਮਦ ਸ਼ਾਹ ਦੁਰਾਨੀ ਦੇ ਪੰਜਵੇਂ ਹੱਲੇ ਵੇਲੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਦੁਰਾਨੀ ਨੂੰ ਲੱਕ ਤੋੜਵੀਂ ਹਾਰ ਦਿੰਦਿਆਂ ਉਸਦੇ ਕਬਜ਼ੇ ਹੇਠੋਂ 2200 ਇਸਤਰੀਆਂ ਨੂੰ ਮੁਕਤ ਕਰਵਾਇਆ ਜਿਸ ਸਦਕਾ 'ਸੁਲਤਾਨ-ਉਲ-ਕੌਮ' ਆਖਿਆ ਜਾਣ ਲੱਗਾ। ਆਪਣੀ ਸ਼ਰਮਨਾਕ ਹਾਰ ਨਾਲ ਵਿਗੜਿਆ ਅਹਿਮਦ ਸ਼ਾਹ ਦੁਰਾਨੀ 1762 ਈ ਵਿੱਚ ਜਦੋਂ ਮਲੇਰਕੋਟਲਾ ਨੇੜੇ ਕੁੱਪ ਰਹੀੜੇ ਦੇ ਸਥਾਨ ਤੇ ਫਿਰ ਤੋਂ ਹਮਲਾ ਕਰਦਾ ਹੈ ਤਾਂ ਇਸ ਗਹਿਗੱਚ ਲੜਾਈ ਵਿੱਚ 20,000 ਤੋਂ ਵਧੇਰੇ ਸਿੰਘ-ਸਿੰਘਣੀਆਂ ਸ਼ਹੀਦ ਹੋ ਜਾਂਦੇ ਹਨ। ਇਸ ਘਟਨਾ ਨੂੰ 'ਵੱਡਾ ਘੱਲੂਘਾਰਾ' ਕਹਿ ਯਾਦ ਕੀਤਾ ਜਾਂਦਾ ਹੈ। ਇਸ ਹਮਲੇ ਵਿੱਚ ਜੱਸਾ ਸਿੰਘ ਆਹਲੂਵਾਲੀਆ ਗੰਭੀਰ ਜ਼ਖਮੀ ਹੁੰਦਿਆਂ ਵੀ ਕੌਮ ਦੀ ਅਗਵਾਈ ਕਰਦੇ ਹਨ। 1764 ਈ. ਤੋਂ 1774 ਈ. ਦੇ ਅੰਤ ਤੀਕ ਸਿੱਖ ਫੌਜਾਂ ਨੂੰ ਮੁੜ ਤੋਂ ਜਥੇਬੰਦ ਕਰਦਿਆਂ, ਜਥਿਆਂ ਦੀ ਅਗਵਾਈ ਕਰਨੀ ਅਤੇ ਫੇਰ ਕਪੂਰਥਲਾ ਰਿਆਸਤ ਦੀ ਕਾਇਮੀ ਨਾਲ ਸਿੱਖ ਰਾਜ ਪ੍ਰਬੰਧ ਦੇ ਪਲੇਠੇ ਅਧਿਆਇ ਦੀ ਭੂਮਿਕਾ ਦਾ ਨਿਰਮਾਣ ਕਰਨਾ, ਜੱਸਾ ਸਿੰਘ ਆਹਲੂਵਾਲੀਆ ਦੇ ਸਿੱਖ ਰਾਜ ਦੇ ਪੁਨਰ ਆਗਾਜ਼ ਦੇ ਯਤਨਾਂ ਨੂੰ ਸਨਮੁੱਖ ਕਰਦਾ ਹੈ। ਜੱਸਾ ਸਿੰਘ ਆਹਲੂਵਾਲੀਆ ਦੇ ਦਲੇਰ ਹੌਸਲੇ, ਲਾਸਾਨੀ ਜਜ਼ਬੇ ਅਤੇ ਸਿੱਖੀ ਪ੍ਰੇਮ ਨੂੰ ਸਿਜਦਾ। ਇਹ ਵੀ ਪੜ੍ਹੋ:ਲੁਧਿਆਣਾ 'ਚ ਲੱਗੀ ਭਿਆਨਕ ਅੱਗ -PTC News