‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝਲੀਆਂ ਨੇ’
ਲੱਖਾਂ ਮੁਸੀਬਤਾਂ ਨੂੰ ਝੱਲਦਿਆਂ ਦੇਸ਼ ਦੀ ਸੇਵਾ ਕਰਨ ਵਾਲੇ 'ਆਜ਼ਾਦੀ ਘੁਲਾਟੀਆਂ' ਨੂੰ ਦਰਸਾਉਂਦੀ ਹਨ ਇਹ ਸਤਰਾਂ। 'ਆਜ਼ਾਦੀ ਘੁਲਾਟੀਏ' ਸ਼ਬਦ ਉਨ੍ਹਾਂ ਸਾਰੇ ਮਹਾਨ ਨਾਇਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਦਵਾਉਣ ਵਿੱਚ ਵੱਡਾ ਯੋਗਦਾਨ ਪਾਇਆ। ਅੱਜ ਅਸੀਂ ਜੋ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਹ ਇਨ੍ਹਾਂ ਮਹਾਨ ਯੋਧਿਆਂ ਦੇ ਸੰਘਰਸ਼ ਅਤੇ ਕੁਰਬਾਨੀ ਦਾ ਫਲ਼ ਹੈ। ਇੱਕ ਝਾਤ ਪੰਜਾਬ ਦੇ ਉਨ੍ਹਾਂ ਕ੍ਰਾਂਤੀਕਾਰੀਆਂ ਬਾਰੇ ਜਿਨ੍ਹਾਂ ਨੇ ਹੱਸ ਕੇ ਜਿੰਦਾਂ ਵਾਰੀਆਂ।
ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਸੰਘਰਸ਼ ‘ਗਦਰ ਲਹਿਰ’ ਸੀ। ਵੀਹਵੀਂ ਸਦੀ ਦੇ ਆਰੰਭ ਵਿੱਚ ਇਨ੍ਹਾਂ ਗਦਰੀਆਂ ਨੇ ਇੱਕ ਵਾਰ ਤਾਂ ਅੰਗਰੇਜ਼ਾਂ ਦੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਸੋਹਣ ਸਿੰਘ ਭਕਨਾ ਗ਼ਦਰ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ। ਉਹਨਾਂ ਦਾ ਜਨਮ 21 ਅਕਤੂਬਰ 1870 ਨੂੰ ਅਜੋਕੇ ਪੰਜਾਬ, ਭਾਰਤ ਦੇ ਪਿੰਡ ਭਕਨਾ ਵਿੱਚ ਹੋਇਆ ਸੀ। ਗ਼ਦਰ ਪਾਰਟੀ ਇੱਕ ਕ੍ਰਾਂਤੀਕਾਰੀ ਸੰਗਠਨ ਸੀ ਜੋ 1913 ਵਿੱਚ ਸੈਨ ਫਰਾਂਸਿਸਕੋ, ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ 'ਚ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਨੂੰ ਪੁੱਟ ਸੁੱਟਣ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ। ਭਕਨਾ ਨੇ ਗ਼ਦਰ ਲਹਿਰ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਜਥੇਬੰਦ ਕਰਨ ਅਤੇ ਲਾਮਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਸਨੇ ਗਦਰ ਅਖਬਾਰ ਦਾ ਸੰਪਾਦਨ ਅਤੇ ਪ੍ਰਕਾਸ਼ਨ ਵੀ ਕੀਤਾ, ਜੋ ਕਿ ਭਾਰਤੀ ਪ੍ਰਵਾਸੀਆਂ ਵਿੱਚ ਇਨਕਲਾਬੀ ਵਿਚਾਰਾਂ ਨੂੰ ਫੈਲਾਉਣ ਦਾ ਇੱਕ ਸ਼ਕਤੀਸ਼ਾਲੀ ਸਾਧਨ ਸੀ। ਗ਼ਦਰ ਲਹਿਰ ਇੱਕ ਅਜਿਹੀ ਲਹਿਰ ਸੀ ਜਿਸ ਨੇ ਪਹਿਲੀ ਵਾਰ ਅੰਗਰੇਜ਼ ਸਾਮਰਾਜ ਸਾਹਮਣੇ ਇਨਕਲਾਬੀ ਸਿਆਸੀ ਬਦਲ ਪੇਸ਼ ਕੀਤਾ। ਗ਼ਦਰ ਪਾਰਟੀ ਵੱਲੋਂ ਭਾਰਤ ਵਿੱਚ ਰੂਸ ਵਰਗੀ ਕ੍ਰਾਂਤੀ ਲਿਆਉਣ ਦਾ ਆਪਣਾ ਨਿਸ਼ਾਨਾ ਮਿਥਿਆ ਅਤੇ ਰੂਸੀ ਇਨਕਲਾਬ ਦੇ ਸਿਧਾਂਤ ਨੂੰ ਸਮਝਣ ਅਤੇ ਅਧਿਐਨ ਕਰਨ ਦਾ ਫੈਸਲਾ ਲਿਆ। ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਭਕਨਾ ਦੇ ਯੋਗਦਾਨ ਨੂੰ ਵਿਆਪਕ ਤੌਰ ‘ਤੇ ਮਾਨਤਾ ਦਿੱਤੀ ਗਈ ਹੈ, ਅਤੇ ਉਸਨੂੰ ਪੰਜਾਬ ਦੇ ਸਭ ਤੋਂ ਪ੍ਰਮੁੱਖ ਸੁਤੰਤਰਤਾ ਸੈਨਾਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ 21 ਅਗਸਤ, 1968 ਨੂੰ ਚਲਾਣਾ ਕਰ ਗਏ।
ਕਰਤਾਰ ਸਿੰਘ ਸਰਾਭਾ ਨੂੰ ਅੰਗਰੇਜ਼ਾਂ ਨੇ ਸਿਰਫ਼ ਸਾਢੇ 19 ਸਾਲ ਦੀ ਉਮਰ ਵਿੱਚ ਭਾਰਤ ਵਿੱਚ ਇੱਕ ਵੱਡੀ ਕ੍ਰਾਂਤੀ ਦੀ ਯੋਜਨਾ ਬਣਾਉਣ ਲਈ ਫਾਂਸੀ ਦੇ ਦਿੱਤੀ ਸੀ। ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਮਾਤਾ ਸਾਹਿਬ ਕੌਰ ਤੇ ਪਿਤਾ ਮੰਗਲ ਸਿੰਘ ਘਰ ਹੋਇਆ। ਭਾਰਤ ਦੀ ਅਜ਼ਾਦੀ ਲਈ ਬਣਾਈ ਗ਼ਦਰ ਪਾਰਟੀ ਦਾ ਕਰਤਾਰ ਸਿੰਘ ਸਰਾਭਾ ਸਰਗਰਮ ਮੈਂਬਰ ਬਣ ਗਿਆ ਤੇ ਪਾਰਟੀ ਵੱਲੋਂ ਸ਼ੁਰੂ ਕੀਤੇ ਅਖਬਾਰ ਦੇ ਗੁਰਮੁਖੀ ਐਡੀਸ਼ਨ ਵਿੱਚ ਕਈ ਲੇਖ ਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ। 2 ਮਾਰਚ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਜ਼ਿਲ੍ਹਾ ਲਾਇਲਪੁਰ ਤੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਰੱਖਿਆ ਗਿਆ। ਅਜਿਹੇ ਨੌਜਵਾਨ ਭਾਰਤੀ ਕ੍ਰਾਂਤੀਕਾਰੀ ਦੀ ਹਿੰਮਤ ਦੇਖ ਕੇ ਅਦਾਲਤ ਵਿੱਚ ਜੱਜ ਵੀ ਹੈਰਾਨ ਰਹਿ ਗਏ। ਅਦਾਲਤੀ ਸੁਣਵਾਈ ਦੌਰਾਨ ਕਰਤਾਰ ਸਿੰਘ ਸਰਾਭਾ ਨੇ ਦੇਸ਼ ਧ੍ਰੋਹ ਦੇ ਸਾਰੇ ਦੋਸ਼ ਆਪਣੇ ਸਿਰ ਲੈ ਲਏ। ਉਸ ਦਾ ਮਾਸੂਮ ਚਿਹਰਾ ਦੇਖ ਕੇ ਜੱਜ ਉਸ ਨੂੰ ਸਖ਼ਤ ਸਜ਼ਾ ਨਹੀਂ ਦੇਣਾ ਚਾਹੁੰਦੇ ਸਨ ਅਤੇ ਇਸ ਲਈ ਉਸ ਨੂੰ ਆਪਣਾ ਬਿਆਨ ਬਦਲਣ ਲਈ ਕਿਹਾ, ਪਰ ਦੇਸ਼ ਭਗਤੀ ਨਾਲ ਭਰਪੂਰ ਕਰਤਾਰ ਸਿੰਘ ਆਪਣੇ ਕਥਨ 'ਤੇ ਅਡੋਲ ਰਿਹਾ ਤੇ ਜੱਜ ਨੇ ਫਾਂਸੀ ਦਾ ਹੁਕਮ ਦਿੱਤਾ। ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਛੇ ਹੋਰ ਸਾਥੀਆਂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ।
ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਲਾਲਾ ਲਾਜਪਤ ਰਾਏ ਦਾ ਨਾਂ ਪ੍ਰਮੁੱਖ ਹੈ। ਅੰਗਰੇਜ਼ਾਂ ਦੇ 'ਤਾਬੂਤ' 'ਚ ਪਹਿਲਾ ਕਿੱਲ ਉਨ੍ਹਾਂ ਨੇ ਹੀ ਠੋਕਿਆ ਸੀ। ਲਾਲਾ ਲਾਜਪਤ ਰਾਏ ਨੇ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਕਈ ਅੰਦੋਲਨ ਅਤੇ ਵਿਰੋਧ ਪ੍ਰਦਰਸ਼ਨ ਕੀਤੇ। 1928 ਵਿੱਚ ਉਹਨਾਂ ਨੇ ਸਾਈਮਨ ਕਮਿਸ਼ਨ ਦੇ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ। “Simon Go Back” ਇਹ ਨਾਅਰਾ ਉਹਨਾਂ ਨੇ 1928 ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਦੌਰਾਨ ਦਿੱਤਾ ਸੀ। ਵਿਰੋਧ ਦੌਰਾਨ ਲਾਠੀਚਾਰਜ ਹੋਇਆ ਜਿਸ ਵਿੱਚ ਲਾਲਾ ਲਾਜਪਤ ਰਾਏ ਗੰਭੀਰ ਜ਼ਖ਼ਮੀ ਹੋ ਗਏ ਜਿਸ ਕਾਰਨ ਨਵੰਬਰ 1928 ਨੂੰ ਉਹਨਾਂ ਦੀ ਮੌਤ ਹੋ ਗਈ। ਲਾਲਾ ਜੀ ਦੀ ਮੌਤ ਨੇ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਹੋਰ ਬਲ ਦਿੱਤਾ ਅਤੇ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਹੋਰ ਸੰਗਠਿਤ ਕੀਤਾ। ਭਗਤ ਸਿੰਘ ਨੇ ਲਾਜਪਤ ਦੀ ਮੌਤ ਦਾ ਬਦਲਾ ਲੈਣ ਲਈ ਹੀ ਬੰਦੂਕ ਚੁੱਕੀ ਸੀ।
ਸ਼ਹੀਦ ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦੇ ਇੱਕ ਖ਼ੁਸ਼ਹਾਲ ਪਰਿਵਾਰ ਵਿੱਚ ਪੈਦਾ ਹੋਏ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਅਮੀਰ ਘਰਾਂ ਦੇ ਜਾਏ ਦੂਜਿਆਂ ਖ਼ਾਤਰ ਘੱਟ ਹੀ ਕੁਰਬਾਨ ਹੁੰਦੇ ਹਨ। ਇਸ ਦੇ ਉਲਟ ਮਦਨ ਲਾਲ ਢੀਂਗਰਾ ਦੇ ਦਿਲ ਅੰਦਰ ਦੇਸ਼ ਪਿਆਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਅਤੇ ਉਹ ਆਪਣੇ ਵਤਨ ਖ਼ਾਤਰ ਮਰ-ਮਿਟਣ ਲਈ ਹਰ ਵਕਤ ਤਿਆਰ ਰਹਿੰਦਾ ਸੀ।
ਲਾਹੌਰ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਇੰਜੀਨੀਅਰ ਬਣਨ ਲਈ ਇੰਗਲੈਂਡ ਚਲਾ ਗਿਆ ਅਤੇ ਲੰਡਨ ਵਿੱਚ ਸਿੱਖਿਆ ਪ੍ਰਾਪਤ ਕਰਨ ਲੱਗਾ। ਲੰਡਨ ਵਿੱਚ ਮਦਨ ਲਾਲ ਢੀਂਗਰਾ ਨੇ ਦੇਖਿਆ ਕਿ ਕਰਜ਼ਨ ਵਾਇਲੀ ਨਾਂ ਦਾ ਇਕ ਅੰਗਰੇਜ਼ ਅਧਿਕਾਰੀ ਭਾਰਤੀ ਵਿਦਿਆਰਥੀਆਂ ’ਤੇ ਸੂਹੀਏ ਦੀ ਤਰ੍ਹਾਂ ਨਜ਼ਰ ਰੱਖਦਾ ਸੀ ਅਤੇ ਵਾਰ-ਵਾਰ ਉਨ੍ਹਾਂ ਨੂੰ ਅਪਮਾਨਿਤ ਵੀ ਕਰਦਾ ਰਹਿੰਦਾ ਸੀ। ਇਸ ਦੌਰਾਨ ਉਹ ਵੀਰ ਸਾਵਰਕਰ ਅਤੇ ਸ਼ਾਮਜੀ ਕ੍ਰਿਸ਼ਨ ਵਰਮਾ ਦੇ ਸੰਪਰਕ ਵਿਚ ਆ ਕੇ ਭਾਰਤ ਭਵਨ ਦਾ ਇਕ ਅਹਿਮ ਮੈਂਬਰ ਬਣ ਗਿਆ ਅਤੇ ਮਨ ਹੀ ਮਨ ਸੰਕਲਪ ਲਿਆ ਕਿ ਭਾਰਤ ਮਾਂ ਲਈ ਆਪਣੇ ਜੀਵਨ ਦੀ ਆਹੂਤੀ ਦੇਣੀ ਹੀ ਹੈ। ਇੱਕ ਦਿਨ ਅਜਿਹਾ ਵੀ ਆਇਆ ਜਦ ਢੀਂਗਰਾ ਨੇ ਲੰਡਨ ਵਿਚ ਭਾਰਤੀਆਂ ਦੇ ਅਪਮਾਨ ਦਾ ਬਦਲਾ ਲਿਆ ਅਤੇ ਇੱਕ ਜੁਲਾਈ 1909 ਨੂੰ ਇਕ ਵੱਡੇ ਪ੍ਰੋਗਰਾਮ ਵਿੱਚ ਕਰਜ਼ਨ ਵਾਇਲੀ ਨੂੰ ਗੋਲ਼ੀ ਮਾਰ ਦਿੱਤੀ। ਲੰਡਨ ਦੀ ਪੈਟਨ ਵਿਲੇ ਜੇਲ੍ਹ ਵਿਚ 17 ਅਗਸਤ 1909 ਨੂੰ ਮਦਨ ਲਾਲ ਢੀਂਗਰਾ ਭਾਰਤ ਮਾਂ ਦੀ ਆਜ਼ਾਦੀ ਲਈ ਫਾਂਸੀ ’ਤੇ ਝੂਲ ਗਿਆ।
ਦੁਨੀਆਂ ਵਿੱਚ ਜਦੋਂ ਵੀ ਭਾਰਤ ਦੀ ਅਜ਼ਾਦੀ ਦੀ ਗੱਲ ਹੋਵੇਗੀ ਤਾਂ ਭਾਰਤੀ ਆਜ਼ਾਦੀ ਸੰਗਰਾਮ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਭਗਤ ਸਿੰਘ ਦਾ ਜਨਮ ਇੱਕ ਕ੍ਰਾਂਤੀਕਾਰੀ ਪਰਿਵਾਰ 'ਚ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907 ਚੱਕ ਨੰਬਰ 105 ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) 'ਚ ਹੋਇਆ ਸੀ। ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਦੇ ਸਨ, ਜੋ ਗ੍ਰਿਫ਼ਤਾਰੀ ਸਮੇਂ ਵੀ ਉਹਨਾਂ ਕੋਲ ਸੀ। ਭਗਤ ਸਿੰਘ ਨੇ ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲ ਕੇ ਪਬਲਿਕ ਸੇਫਟੀ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਖਿਲਾਫ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ 'ਚ ਖਾਲੀ ਥਾਂ 'ਤੇ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ। 23 ਮਾਰਚ 1931 ਦੀ ਸ਼ਾਮ ਨੂੰ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਭਾਵੇਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ 24 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਉਨ੍ਹਾਂ ਨੂੰ ਨਿਰਧਾਰਤ ਸਮੇਂ ਤੋਂ 11 ਘੰਟੇ ਪਹਿਲਾਂ ਹੀ ਫਾਂਸੀ ਦੇ ਦਿੱਤੀ ਗਈ। ਅੰਗਰੇਜ਼ਾਂ ਨੂੰ ਡਰ ਸੀ ਕਿ ਸ਼ਾਇਦ ਜਨਤਾ ਬਗਾਵਤ ਕਰ ਦੇਵੇਗੀ ਇਸ ਲਈ ਉਨ੍ਹਾਂ ਨੇ 23 ਮਾਰਚ ਨੂੰ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ। ਤਿੰਨਾਂ ਸ਼ਹੀਦਾਂ ਦਾ ਅੰਤਮ ਸੰਸਕਾਰ ਪਹਿਲਾਂ ਤਾਂ ਜੇਲ੍ਹ ਵਿੱਚ ਹੀ ਕੀਤਾ ਜਾਣਾ ਸੀ, ਪਰ ਬਾਅਦ ਵਿੱਚ ਅੰਗਰੇਜ਼ਾਂ ਨੂੰ ਲੱਗਾ ਕਿ ਜੇਲ੍ਹ ਵਿੱਚੋਂ ਧੂੰਆਂ ਉੱਠਦਾ ਦੇਖ ਕੇ ਜਨਤਾ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ, ਇਸ ਲਈ ਰਾਤੋ ਰਾਤ ਜੇਲ੍ਹ ਦੀ ਪਿਛਲੀ ਕੰਧ ਨੂੰ ਤੋੜ ਦਿੱਤਾ ਗਿਆ। ਤਿੰਨਾਂ ਦੀਆਂ ਲਾਸ਼ਾਂ ਨੂੰ ਇੱਕ ਟਰੱਕ ਰਾਹੀਂ ਬਾਹਰ ਕੱਢਿਆ ਗਿਆ ਅਤੇ ਸਸਕਾਰ ਕਰ ਦਿੱਤਾ ਗਿਆ।
ਮਹਾਨ ਕ੍ਰਾਂਤੀਕਾਰੀ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਕਸਬੇ ਦੇ ਇੱਕ ਗਰੀਬ ਪਰਿਵਾਰ ਵਿੱਚ ਮਾਤਾ ਨਰਾਇਣ ਦੇਵੀ ਦੀ ਕੁੱਖੋਂ ਪਿਤਾ ਟਹਿਲ ਸਿੰਘ ਦੇ ਘਰ ਹੋਇਆ ਸੀ। ਊਧਮ ਸਿੰਘ ਦਾ ਅਸਲੀ ਨਾਂ ਸ਼ੇਰ ਸਿੰਘ ਸੀ। ਊਧਮ ਨੇ 1918 ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹੀਂ ਦਿਨੀਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪੂਰੇ ਦੇਸ਼ ਵਿਚ ਸੰਘਰਸ਼ ਚੱਲ ਰਿਹਾ ਸੀ, ਜਿਸ ਨੂੰ ਦਬਾਉਣ ਲਈ ਅੰਗਰੇਜ਼ ਨੌਜਵਾਨਾਂ 'ਤੇ ਬੇਰਹਿਮੀ ਨਾਲ ਤਸ਼ੱਦਦ ਕਰ ਰਹੇ ਸਨ। ਅੰਗਰੇਜ਼ਾਂ ਦੇ ਇਸ ਜ਼ੁਲਮ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਆਗੂਆਂ ਨੇ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਪੰਜਾਬ ਦੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਖੇ ਵਿਸ਼ਾਲ ਜਨ-ਜਾਗਰੂਕ ਮੀਟਿੰਗ ਕਰਨ ਦਾ ਐਲਾਨ ਕੀਤਾ। ਮਾਈਕਲ ਓਡਵਾਇਰ ਦੇ ਹੁਕਮਾਂ 'ਤੇ ਫ਼ੌਜ ਅਤੇ ਪੁਲਿਸ ਨੇ ਬੇਸਹਾਰਾ ਅਤੇ ਨਿਹੱਥੇ ਸ਼ਾਂਤੀ ਪਸੰਦ ਭਾਰਤੀਆਂ ਨੂੰ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਗੁੱਸੇ ਵਿੱਚ ਆ ਕੇ ਨੌਜਵਾਨ ਊਧਮ ਸਿੰਘ ਨੇ ਉਨ੍ਹਾਂ ਸ਼ਹੀਦਾਂ ਦੀਆਂ ਲਾਸ਼ਾਂ ਦੇ ਵਿਚਕਾਰ ਖੜ੍ਹਾ ਹੋ ਕੇ ਸਹੁੰ ਚੁੱਕੀ ਕਿ ਜਦੋਂ ਤੱਕ ਇਸ ਕਤਲੇਆਮ ਲਈ ਜ਼ਿੰਮੇਵਾਰ ਜਨਰਲ ਡਾਇਰ ਅਤੇ ਗਵਰਨਰ ਮਾਈਕਲ ਓਡਵਾਇਰ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਹ ਆਰਾਮ ਨਹੀਂ ਕਰਨਗੇ। 12 ਮਾਰਚ 1940 ਨੂੰ ਅਖ਼ਬਾਰਾਂ ਤੋਂ ਪਤਾ ਲੱਗਾ ਕਿ ਮਾਈਕਲ ਓਡਵਾਇਰ ਵੀ 13 ਮਾਰਚ ਨੂੰ ਕੈਕਸਟਨ ਹਾਲ ਵਿਖੇ ਹੋਣ ਵਾਲੀ ਜਨਤਕ ਮੀਟਿੰਗ ਵਿਚ ਹਿੱਸਾ ਲੈਣ ਜਾ ਰਿਹਾ ਹੈ। 13 ਮਾਰਚ ਨੂੰ ਊਧਮ ਸਿੰਘ ਆਪਣਾ ਰਿਵਾਲਵਰ ਮੋਟੀ ਕਿਤਾਬ ਵਿੱਚ ਛੁਪਾ ਕੇ ਪੂਰੀ ਤਿਆਰੀ ਨਾਲ ਕੈਕਸਟਨ ਹਾਲ ਪਹੁੰਚਿਆ ਅਤੇ ਉੱਥੇ ਆਪਣੇ ਰਿਵਾਲਵਰ ਨਾਲ ਗੋਲੀਆਂ ਦੀ ਵਰਖਾ ਕਰਕੇ ਓਡਵਾਇਰ ਨੂੰ ਮਾਰ ਕੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈ ਲਿਆ। 5 ਜੂਨ, 1940 ਨੂੰ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ 31 ਜੁਲਾਈ ਨੂੰ ਭਾਰਤ ਦੇ ਇਸ ਸ਼ੇਰ ਨੇ ਆਜ਼ਾਦੀ ਲਈ ਲਾਸਾਨੀ ਕੁਰਬਾਨੀ ਦਿੱਤੀ।
ਭਾਰਤ ਦੇ ਇਤਿਹਾਸ ਵਿੱਚ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਲਈ ਕਈ ਅੰਦੋਲਨ ਹੋਏ, ਜਿਨ੍ਹਾਂ ਵਿੱਚੋਂ ਇੱਕ ਕੂਕਾ ਅੰਦੋਲਨ ਹੈ। ਕੂਕਾ ਬਗਾਵਤ ਦੀ ਸ਼ੁਰੂਆਤ ਸਤਿਗੁਰੂ ਰਾਮ ਸਿੰਘ ਨੇ 1857 ਦੀ ਵਿਸਾਖੀ ਵਾਲੇ ਦਿਨ ਕੀਤੀ ਸੀ। 1871-72 ਵਿਚ ਕੂਕਾ ਬਗਾਵਤ ਆਪਣੇ ਸਿਖਰਾਂ 'ਤੇ ਸੀ। ਕੂਕਿਆਂ ਨੇ ਪੂਰੇ ਪੰਜਾਬ ਨੂੰ 22 ਜ਼ਿਲ੍ਹਿਆਂ ਵਿੱਚ ਵੰਡ ਕੇ ਆਪਣੀ ਸਮਾਂਤਰ ਸਰਕਾਰ ਬਣਾਈ ਸੀ। ਉਸ ਸਮੇਂ ਲਹਿਰ ਵਿੱਚ ਸ਼ਾਮਲ ਕੂਕਾ ਯੋਧਿਆਂ ਦੀ ਗਿਣਤੀ ਸੱਤ ਲੱਖ ਤੋਂ ਵੱਧ ਸੀ ਪਰ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੇ ਹੋਏ ਆਪਣੇ ਬਹੁਤ ਸਾਰੇ ਲੋਕ ਲਹਿਰ ਵਿੱਚ ਭੇਜ ਦਿੱਤੇ। ਇਨ੍ਹਾਂ ਗੱਦਾਰਾਂ ਦੇ ਆਉਣ ਨਾਲ ਬਗਾਵਤ ਭੜਕ ਗਈ ਅਤੇ ਦਬਾ ਦਿੱਤੀ ਗਈ। ਪਰ ਜਦੋਂ ਵੀ ਭਾਰਤ ਦੀ ਆਜਾਦੀ ਦੀ ਗੱਲ ਹੋਵੇਗੀ ਤਾਂ ਕੂਕਾ ਲਹਿਰ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ