ਸੋਨਾਲੀ ਫੋਗਾਟ ਦਾ ਹਿਸਾਰ 'ਚ ਹੋਇਆ ਅੰਤਿਮ ਸੰਸਕਾਰ
ਨਵੀਂ ਦਿੱਲੀ: ਹਰਿਆਣਾ ਬੀਜੇਪੀ ਨੇਤਾ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਦਾ ਸ਼ੁੱਕਰਵਾਰ ਨੂੰ ਹਿਸਾਰ ਵਿੱਚ ਸਸਕਾਰ ਕੀਤਾ ਗਿਆ। ਸੋਨਾਲੀ ਦੀ ਮ੍ਰਿਤਕ ਦੇਹ ਨੂੰ ਸਵੇਰੇ 9 ਵਜੇ ਅੰਤਿਮ ਦਰਸ਼ਨਾਂ ਲਈ ਉਸ ਦੇ ਧੂੰਦੂਰ ਫਾਰਮ ਹਾਊਸ ਲਿਆਂਦਾ ਗਿਆ ਸੀ। ਇਹ ਫਾਰਮ ਹਾਊਸ ਹਿਸਾਰ-ਸਿਰਸਾ ਨੈਸ਼ਨਲ ਹਾਈਵੇ 'ਤੇ ਹਿਸਾਰ ਤੋਂ 10 ਕਿਲੋਮੀਟਰ ਦੂਰ ਹੈ। ਸੋਨਾਲੀ ਦੇ ਅੰਤਿਮ ਸੰਸਕਾਰ 'ਚ ਭਾਜਪਾ ਦੇ ਕਈ ਵੱਡੇ ਨੇਤਾ ਸ਼ਾਮਿਲ ਹੋਏ। ਸੋਨਾਲੀ ਦਾ ਭਰਾ ਰਿੰਕੂ ਅਤੇ ਜੀਜਾ ਅਮਨ ਪੂਨੀਆ ਮ੍ਰਿਤਕ ਦੇਹ ਲੈ ਕੇ ਦੇਰ ਰਾਤ ਹਿਸਾਰ ਪਹੁੰਚੇ ਸਨ। ਮ੍ਰਿਤਕ ਦੇਹ ਨੂੰ ਹਵਾਈ ਜਹਾਜ਼ ਰਾਹੀਂ ਗੋਆ ਤੋਂ ਦਿੱਲੀ ਅਤੇ ਸੜਕ ਰਾਹੀਂ ਨਵੀਂ ਦਿੱਲੀ ਤੋਂ ਹਿਸਾਰ ਲਿਆਂਦਾ ਗਿਆ ਸੀ। ਸੋਨਾਲੀ 23 ਅਗਸਤ ਦੀ ਸਵੇਰ ਨੂੰ ਗੋਆ ਦੇ ਇੱਕ ਰਿਜ਼ੋਰਟ ਵਿੱਚ ਮ੍ਰਿਤਕ ਪਾਈ ਗਈ ਸੀ। ਪੋਸਟਮਾਰਟਮ 'ਚ ਉਸ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ। ਓਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਜੇਕਰ ਸੋਨਾਲੀ ਦਾ ਪਰਿਵਾਰ ਲਿਖਤੀ ਰੂਪ ਵਿੱਚ ਮੰਗ ਕਰਦਾ ਹੈ ਤਾਂ ਸੂਬਾ ਸਰਕਾਰ ਉਸਦੀ ਮੌਤ ਦੀ ਸੀਬੀਆਈ ਜਾਂਚ ਜ਼ਰੂਰ ਕਰਵਾਏਗੀ। ਸਰਕਾਰ ਨੂੰ ਜਾਂਚ ਕਰਵਾਉਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਸੋਨਾਲੀ ਦਾ ਪਰਿਵਾਰ ਪਹਿਲੇ ਦਿਨ ਤੋਂ ਹੀ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ। ਪ ਦੱਸ ਦੇਈਏ ਕਿ ਵੀਰਵਾਰ ਨੂੰ ਹੀ ਗੋਆ ਪੁਲਿਸ ਨੇ ਸੋਨਾਲੀ ਦੇ ਭਰਾ ਰਿੰਕੂ ਢਾਕਾ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਮਾਮਲਾ ਆਈਪੀਸੀ ਦੀ ਧਾਰਾ 302 ਦੇ ਤਹਿਤ ਸੋਨਾਲੀ ਦਾ ਪੋਸਟਮਾਰਟਮ ਪੂਰਾ ਹੋਣ ਤੋਂ ਬਾਅਦ ਦਰਜ ਕੀਤਾ ਗਿਆ ਸੀ। ਸੋਨਾਲੀ ਦੇ ਪਰਿਵਾਰ ਦੀ ਸਹਿਮਤੀ ਨਾਲ ਵੀਰਵਾਰ ਨੂੰ ਗੋਆ 'ਚ ਉਸ ਦਾ ਪੋਸਟਮਾਰਟਮ ਕੀਤਾ ਗਿਆ, ਜੋ 4 ਘੰਟੇ ਤੋਂ ਵੱਧ ਸਮਾਂ ਚੱਲਿਆ। 3 ਡਾਕਟਰਾਂ ਦੇ ਪੈਨਲ ਨੇ 12.45 ਵਜੇ ਪੋਸਟਮਾਰਟਮ ਸ਼ੁਰੂ ਕੀਤਾ, ਜੋ ਸ਼ਾਮ 4 ਵਜੇ ਖਤਮ ਹੋਇਆ। ਇਸ ਦੀ ਵੀਡੀਓਗ੍ਰਾਫੀ ਕੀਤੀ ਗਈ। ਇਸ ਦੌਰਾਨ ਸੋਨਾਲੀ ਦਾ ਭਰਾ ਰਿੰਕੂ ਢਾਕਾ ਅਤੇ ਜੀਜਾ ਅਮਨ ਪੂਨੀਆ ਹਸਪਤਾਲ ਵਿੱਚ ਮੌਜੂਦ ਰਹੇ। ਇਹ ਵੀ ਪੜ੍ਹੋ:ਝੂਠੇ ਪੁਲਿਸ ਮੁਕਾਬਲੇ ਲਈ ਪੰਜਾਬ ਪੁਲਿਸ ਦੇ 2 ਸਾਬਕਾ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ -PTC News