ਸੋਨਾਲੀ ਫੋਗਾਟ ਨੂੰ ਦਿੱਤਾ ਗਿਆ ਸੀ 'Methamphetamine': ਗੋਆ ਪੁਲਸ
Sonali Phogat Murder Case: ਗੋਆ ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਜਪਾ ਨੇਤਾ ਸੋਨਾਲੀ ਫੋਗਾਟ ਨੂੰ ਉਸਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਉੱਤਰੀ ਗੋਆ ਦੇ ਇੱਕ ਰੈਸਟੋਰੈਂਟ ਵਿੱਚ ਮੁਲਜ਼ਮਾਂ ਨੇ Methamphetamine ਨਾਮਕ ਨਸ਼ੀਲੇ ਪਦਾਰਥ ਦਿੱਤਾ ਸੀ। ਡਿਪਟੀ ਸੁਪਰਡੈਂਟ ਪੁਲਿਸ ਜੀਵਬਾ ਡਾਲਵੀ ਨੇ ਦੱਸਿਆ ਕਿ ਅੰਜੁਨਾ ਦੇ ਕਰਲੀਜ਼ ਰੈਸਟੋਰੈਂਟ ਵਿੱਚ ਉਸ ਨੂੰ ਦਿੱਤੇ ਗਏ ਨਸ਼ੀਲੇ ਪਦਾਰਥਾਂ ਵਿੱਚੋਂ ਬਚਿਆ ਹੋਇਆ ਹਿੱਸਾ ਰੈਸਟੋਰੈਂਟ ਦੇ ਵਾਸ਼ਰੂਮ ਵਿੱਚੋਂ ਜ਼ਬਤ ਕੀਤਾ ਗਿਆ ਹੈ। Methamphetamine ਇੱਕ ਸ਼ਕਤੀਸ਼ਾਲੀ ਨਾਸ਼ੀਲਾ ਉਤੇਜਕ ਹੈ ਜੋ ਕੇਂਦਰੀ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਹ ਇੱਕ ਸਫੈਦ, ਗੰਧਹੀਣ, ਕੌੜਾ ਕ੍ਰਿਸਟਲਿਨ ਪਾਊਡਰ ਹੁੰਦਾ ਜੋ ਪਾਣੀ ਜਾਂ ਸ਼ਰਾਬ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ। ਪੁਲਿਸ ਨੇ ਹੁਣ ਤੱਕ ਉਸਦੇ ਨਿੱਜੀ ਸਹਾਇਕ ਸੁਧੀਰ ਸਾਗਵਾਨ, ਇੱਕ ਹੋਰ ਸਹਾਇਕ ਸੁਖਵਿੰਦਰ, ਕਰਲੀਜ਼ ਰੈਸਟੋਰੈਂਟ ਦੇ ਮਾਲਕ ਅਤੇ ਕਥਿਤ ਨਸ਼ਾ ਤਸਕਰੀ ਕਰਨ ਵਾਲੇ ਦੱਤਪ੍ਰਸਾਦ ਗਾਓਂਕਰ ਨੂੰ ਗ੍ਰਿਫਤਾਰ ਕੀਤਾ ਹੈ। ਸੁਖਵਿੰਦਰ ਅਤੇ ਸਾਗਵਾਨ 'ਤੇ ਕਤਲ ਦਾ ਦੋਸ਼ ਹੈ, ਜਦਕਿ ਨੂਨੇਸ ਅਤੇ ਗਾਓਂਕਰ 'ਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਾਗਵਾਨ ਅਤੇ ਸੁਖਵਿੰਦਰ ਨੂੰ Methamphetamine ਗਾਓਂਕਰ ਦੁਆਰਾ ਸਪਲਾਈ ਕੀਤਾ ਗਿਆ ਸੀ ਜੋ ਅੰਜੁਨਾ ਦੇ ਹੋਟਲ ਗ੍ਰੈਂਡ ਲਿਓਨੀ ਰਿਜ਼ੋਰਟ ਦੇ ਵਰਕਰ ਸਨ, ਜਿੱਥੇ ਫੋਗਾਟ ਅਤੇ ਹੋਰ ਠਹਿਰੇ ਹੋਏ ਸਨ। ਇਸ ਤੋਂ ਪਹਿਲਾਂ ਅੱਜ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੇ ਸਬੰਧ 'ਚ ਉੱਤਰੀ ਗੋਆ ਦੇ ਇੱਕ ਰੈਸਟੋਰੈਂਟ ਵਿਚੋਂ ਦੋ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਹਨ। ਅੰਜੁਨਾ ਦੇ ਕਰਲੀਜ਼ ਰੈਸਟੋਰੈਂਟ ਦੇ ਸੀਸੀਟੀਵੀ ਫੁਟੇਜ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ 'ਚ ਫੋਗਾਟ ਨੂੰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੁਧੀਰ ਸਾਗਵਾਨ ਨਾਲ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਸਾਗਵਾਨ ਮਹਿਲਾ ਨੂੰ ਪਾਣੀ ਪੀਣ ਲਈ ਮਜ਼ਬੂਰ ਕਰਦੇ ਹੋਏ ਵੀ ਦਿਖਾਇਆ ਗਿਆ ਜਿਸਨੂੰ ਉਹ ਤੁਰੰਤ ਥੁੱਕ ਦਿੰਦੀ ਹੈ। ਪੁਲਿਸ ਦੇ ਇੰਸਪੈਕਟਰ ਜਨਰਲ ਓਮਵੀਰ ਸਿੰਘ ਬਿਸ਼ਨੋਈ ਨੇ ਇਸ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਸਾਗਵਾਨ ਨੇ ਪਾਣੀ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾਇਆ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਇਕ ਹੋਰ ਵੀਡੀਓ 'ਚ ਫੋਗਾਟ ਨੂੰ ਮੁਲਜ਼ਮਾਂ ਵਲੋਂ ਰੈਸਟੋਰੈਂਟ 'ਚੋਂ ਬਾਹਰ ਲੈ ਜਾਂਦੇ ਹੋਏ ਦੇਖਿਆ ਜਾ ਸਕਦਾ। ਫੁਟੇਜ ਵਿੱਚ ਉਹ ਰੈਸਟੋਰੈਂਟ ਤੋਂ ਬਾਹਰ ਨਿਕਲਦੇ ਸਮੇਂ ਪੌੜੀਆਂ ਦੇ ਨੇੜੇ ਖੜ੍ਹੀ ਅਤੇ ਲਗਭਗ ਡਿੱਗਦੀ ਦਿਖਾਈ ਦੇ ਰਹੀ ਹੈ। ਫੋਗਾਟ ਨੂੰ 23 ਅਗਸਤ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ। -PTC News