ਫ਼ਿਰੌਤੀ ਮੰਗਣ ਦੇ ਮਾਮਲੇ 'ਚ ਮਨਪ੍ਰੀਤ ਮੰਨਾ ਗਿਰੋਹ ਦੇ ਛੇ ਗੁਰਗੇ ਗ੍ਰਿਫ਼ਤਾਰ
ਬਠਿੰਡਾ : ਤਲਵੰਡੀ ਸਾਬੋ ਦੇ ਦੁਕਾਨਦਾਰਾਂ ਤੋਂ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਮਨਪ੍ਰੀਤ ਮੰਨਾ ਗਿਰੋਹ ਦੇ ਛੇ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਬਠਿੰਡਾ ਦੇ ਆਈਜੀ ਤੇ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਤਲਵੰਡੀ ਸਾਬੋ ਦੇ ਦੁਕਾਨਦਾਰਾਂ ਤੋਂ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਛੇ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ IG ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ ਵਿਜੈ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮਨਪ੍ਰੀਤ ਮੰਨਾ ਗੈਂਗਸਟਰ ਦੇ ਗੁਰਗੇ 7,10,22 ਨੂੰ ਉਸ ਕੋਲ ਆਏ ਤੇ ਮੰਨੇ ਦਾ ਫੋਨ ਕੰਨ ਨੂੰ ਲਗਾ ਕੇ ਮੰਨੇ ਨਾਲ ਗੱਲ ਕਰਵਾ ਕੇ 4 ਲੱਖ ਦੀ ਫਿਰੌਤੀ ਲੈ ਗਏ। ਇਸ ਤੋਂ ਬਾਅਦ 8-10-22 ਨੂੰ ਮੁੜ ਡਰਾ ਕੇ 6 ਲੱਖ ਲੈ ਗਏ। ਇਸ ਮਗਰੋਂ ਪੁਲਿਸ ਨੇ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਆਕੇ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਮੰਨੇ ਦੇ 6 ਸਾਥੀਆਂ ਸਣੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਰਿਵਾਲਵਰ ਅਤੇ 20 ਲੱਖ ਰੁਪਏ ਵੀ ਬਰਾਮਦ ਕੀਤੇ ਗਏ। ਕਾਬਿਲੇਗੌਰ ਹੈ ਕਿ ਰਾਮਾਂਮੰਡੀ ਦੇ ਕਾਰੋਬਾਰੀ ਤੋਂ 1 ਕਰੋੜ ਦੀ ਫਿਰੌਤੀ ਮੰਗੀ ਗਈ ਸੀ ਜਿਸ ਸਬੰਧ 'ਚ ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੁੱਛਗਿੱਛ ਲਈ ਲਿਆਂਦਾ ਜਾਵੇਗਾ। ਇਹ ਵੀ ਪੜ੍ਹੋ : ਕੈਨੇਡਾ ਦੇ ਗੈਂਗਸਟਰ ਅਰਸ਼ਦੀਪ ਡੱਲਾ ਗਿਰੋਹ ਦੇ ਦੋ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਅਸਲਾ ਬਰਾਮਦ ਆਈਜੀ ਐਮਐਸ ਛੀਨਾ ਨੇ ਦੱਸਿਆ ਕਿ ਮਾਨਸਾ ਸੀਆਈਏ ਦੀ ਗ੍ਰਿਫ਼ਤ ਤੋਂ ਫ਼ਰਾਰ ਹੋਏ ਗੈਂਗਸਟਰ ਟੀਨੂੰ ਦੇ ਮਾਮਲੇ 'ਚ ਉਸਦੀ ਪ੍ਰੇਮਿਕਾ ਫੜ੍ਹੀ ਜਾ ਚੁੱਕੀ ਹੈ ਪਰ ਗੈਂਗਸਟਰ ਟੀਨੂੰ ਦੇ ਵਿਦੇਸ਼ ਭੱਜਣ ਬਾਰੇ ਕੋਈ ਸਬੂਤ ਨਹੀਂ ਹੈ। ਮੀਡੀਆ ਰਿਪੋਰਟ ਦੇ ਜ਼ਰੀਏ ਹੀ ਗੱਲ ਸਾਹਮਣੇ ਆਈ ਹੈ ਇਸਦੀ ਪੁਸ਼ਟੀ ਨਹੀਂ ਕੀਤੀ ਗਈ। -PTC News