ਸਿੱਪੀ ਸਿੱਧੂ ਕਤਲ ਕਾਂਡ ; ਜਸਟਿਸ ਅਨੂਪ ਚਿਤਕਾਰਾ ਨੇ ਦੋਵੇਂ ਧਿਰਾਂ ਨੂੰ ਹਲਫਨਾਮਾ ਦਾਖ਼ਲ ਕਰਨ ਦੇ ਹੁਕਮ ਦਿੱਤੇ
ਚੰਡੀਗੜ੍ਹ : ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦੀ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮ ਕਲਿਆਣੀ ਸਿੰਘ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਉਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਸਾਰੀਆਂ ਧਿਰਾਂ ਇਕ ਐਫੀਡੇਵਿਟ ਦਾਖ਼ਲ ਕਰਨ ਕਿ ਉਨ੍ਹਾਂ ਨੂੰ ਇਸ ਅਦਾਲਤ ਵਿੱਚ ਸੁਣਵਾਈ ਤੋਂ ਦਿੱਕਤ ਨਹੀਂ ਹੈ। ਜੇ ਕਿਸੇ ਵੀ ਧਿਰ ਨੂੰ ਇਤਰਾਜ਼ ਹੈ ਤਾਂ ਉਹ ਇਸ ਮਾਮਲੇ ਵਿੱਚ ਸੁਣਵਾਈ ਤੋਂ ਪਾਸੇ ਹੱਟ ਸਕਦੇ ਹਨ। ਕਾਬਿਲੇਗੌਰ ਹੈ ਕਿ ਅਨੂਪ ਚਿਤਕਾਰਾ ਪਹਿਲਾਂ ਹਿਮਾਚਲ ਹਾਈ ਕੋਰਟ ਵਿੱਚ ਵਕਾਲਤ ਕਰ ਚੁੱਕੇ ਹਨ ਤੇ ਕਲਿਆਣੀ ਦੀ ਮਾਂ ਹਿਮਾਚਲ ਹਾਈ ਕੋਰਟ ਵਿੱਚ ਚੀਫ ਜਸਟਿਸ ਰਹਿ ਚੁੱਕੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਕਰੀਬ ਸੱਤ ਸਾਲ ਪਹਿਲਾਂ ਸਿੱਪੀ ਸਿੱਧੂ ਦਾ ਚੰਡੀਗੜ੍ਹ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਾਬਿਲੇਗੌਰ ਹੈ ਕਿ 20 ਸਤੰਬਰ 2015 ਨੂੰ ਸੈਕਟਰ 27 ਦੇ ਇੱਕ ਪਾਰਕ ਨੇੜਿਓਂ ਸਿੱਪੀ ਸਿੱਧੂ ਦੀ ਲਾਸ਼ ਮਿਲੀ ਸੀ, ਜਿਸ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਵਾਰਦਾਤ ’ਚ 12 ਬੋਰ ਬੰਦੂਕ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚੋਂ 4 ਗੋਲੀਆਂ ਚਲਾਈਆਂ ਗਈਆਂ ਸਨ। ਥਾਣਾ ਸੈਕਟਰ 26 ਦੀ ਪੁਲਿਸ ਨੇ ਉਕਤ ਮਾਮਲੇ ਸਬੰਧੀ 21 ਸਤੰਬਰ 2015 ਨੂੰ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ 22 ਜਨਵਰੀ 2016 ਨੂੰ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਕੀਤਾ ਗਿਆ, ਜਿਸ ਤੋਂ ਬਾਅਦ ਸਿੱਪੀ ਸਿੱਧੂ ਕਤਲ ਮਾਮਲੇ ਦੀ ਜਾਂਚ ਸੀਬੀਆਈ ਨੇ ਸ਼ੁਰੂ ਕਰ ਦਿੱਤੀ ਸੀ। ਇਸ ਮਗਰੋਂ ਜੂਨ 2022 ਵਿੱਚ ਸੀਬੀਆਈ ਨੇ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਤੇ ਸੀਬੀਆਈ ਜਾਂਚ ਦੌਰਾਨ ਮ੍ਰਿਤਕ ਸਿੱਪੀ ਸਿੱਧੂ ਦੇ ਪਰਿਵਾਰ ਵੱਲੋਂ ਮੁਲਜ਼ਮ ਕਲਿਆਣੀ ਸਿੰਘ ਉਤੇ ਕਤਲ ਦੇ ਦੋਸ਼ ਲਾਏ ਗਏ ਸਨ। ਇਹ ਵੀ ਪੜ੍ਹੋ : ਇਸਲਾਮਿਕ ਸਟੇਟ ਵੱਲੋਂ ਮੁੜ ਤੋਂ ਕਾਬੁਲ ਦੇ ਗੁਰਦੁਆਰੇ ਨੇੜੇ ਬੰਬ ਧਮਾਕਾ