ਸਿੱਪੀ ਸਿੱਧੂ ਕਤਲ ਕਾਂਡ ; ਮੁਲਜ਼ਮ ਕਲਿਆਣੀ ਨੇ ਹਾਈ ਕੋਰਟ ਦਾ ਕੀਤਾ ਰੁਖ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਤੇ ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਕਤਲ ਕੇਸ ਵਿੱਚ ਮੁਲਜ਼ਮ ਕਲਿਆਣੀ ਸਿੰਘ ਨੇ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਜੱਜ ਦੀ ਬੇਟੀ ਕਲਿਆਣੀ ਸਿੰਘ ਨੂੰ ਸਿੱਪੀ ਸਿੱਧੂ ਕਤਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕਲਿਆਣੀ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਕੁਝ ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਕਲਿਆਣੀ ਦੀ ਜ਼ਮਾਨਤ ਪਟੀਸ਼ਨ ਖ਼ਾਰਿਜ ਕਰ ਦਿੱਤੀ ਸੀ। ਸੀਬੀਆਈ ਨੇ ਅਦਾਲਤ ਨੂੰ ਕਿਹਾ ਸੀ ਕਿ ਮੁਲਜ਼ਮ ਕਲਿਆਣੀ ਸਿੰਘ ਵੱਲੋਂ ਸੀਬੀਆਈ ਦੀ ਟੀਮ ਨੂੰ ਸਹਿਯੋਗ ਨਾ ਕਰਨ ਕਰਕੇ ਫੋਰੈਂਸਿਕ ਮਨੋਵਿਗਿਆਨੀ ਦੀ ਮੌਜੂਦਗੀ ’ਚ ਪੁੱਛਗਿੱਛ ਕਰਨ ਦੀ ਲੋੜ ਪੈ ਸਕਦੀ ਹੈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਸੀ ਕਿ ਸੀਬੀਆਈ ਕਲਿਆਣੀ ਸਿੰਘ ’ਤੇ ਜੁਰਮ ਕਬੂਲ ਕਰਨ ਦਾ ਕਥਿਤ ਤੌਰ ’ਤੇ ਦਬਾਅ ਬਣਾ ਰਹੀ ਹੈ। ਕਾਬਿਲੇਗੌਰ ਹੈ ਕਿ ਮੁਲਜ਼ਮ ਕਲਿਆਣੀ ਸਿੰਘ ਨੂੰ ਪਿਛਲੇ ਮਹੀਨੇ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਨਿਆਇਕ ਹਿਰਾਸਤ ਵਿੱਚ ਹਨ। ਦੱਸਣਯੋਗ ਹੈ ਕਿ 20 ਸਤੰਬਰ 2015 ਨੂੰ ਸੈਕਟਰ 27 ਦੇ ਇੱਕ ਪਾਰਕ ਨੇੜਿਓਂ ਸਿੱਪੀ ਸਿੱਧੂ ਦੀ ਲਾਸ਼ ਮਿਲੀ ਸੀ, ਜਿਸ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਵਾਰਦਾਤ ਵਿੱਚ 12 ਬੋਰ ਬੰਦੂਕ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚੋਂ 4 ਗੋਲੀਆਂ ਚਲਾਈਆਂ ਗਈਆਂ ਸਨ। ਥਾਣਾ ਸੈਕਟਰ-26 ਦੀ ਪੁਲਿਸ ਨੇ ਉਕਤ ਮਾਮਲੇ ਸਬੰਧੀ 21 ਸਤੰਬਰ 2015 ਨੂੰ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ 22 ਜਨਵਰੀ 2016 ਨੂੰ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਕੀਤਾ ਗਿਆ, ਜਿਸ ਤੋਂ ਬਾਅਦ ਸਿੱਪੀ ਸਿੱਧੂ ਕਤਲ ਮਾਮਲੇ ਦੀ ਜਾਂਚ ਸੀਬੀਆਈ ਨੇ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਤੇ ਸੀਬੀਆਈ ਜਾਂਚ ਦੌਰਾਨ ਮ੍ਰਿਤਕ ਸਿੱਪੀ ਸਿੱਧੂ ਦੇ ਪਰਿਵਾਰ ਵੱਲੋਂ ਮੁਲਜ਼ਮ ਕਲਿਆਣੀ ਸਿੰਘ ਉਤੇ ਕਤਲ ਦੇ ਦੋਸ਼ ਲਾਏ ਗਏ ਸਨ। ਇਹ ਵੀ ਪੜ੍ਹੋ : ਰਾਮਾਮੰਡੀ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ, ਲੋਕਾਂ 'ਚ ਭਾਰੀ ਰੋਸ